ਚੰਡੀਗੜ੍ਹ, 7 ਅਪ੍ਰੈਲ 2021 – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਦੀਆਂ ਲਗਾਤਾਰ ਅਣਥੱਕ ਕੋਸ਼ਿਸ਼ਾਂ ਦੇ ਨਤੀਜੇ ਵਜੋਂ 735 ਕਰੋੜ ਰੁਪਏ ਦੇ ਸੜਕੀ ਪ੍ਰੋਜੈਕਟਾਂ ਦੇ ਕੰਮਾਂ ਦੀ ਸ਼ੁਰੂਆਤ ਇਸੇ ਮਹੀਨੇ ਹੀ ਹੋ ਰਹੀ ਹੈ। ਇਸ ਨਾਲ ਦਿਹਾਤੀ ਖੇਤਰਾਂ ਵਿੱਚ ਸੜਕਾਂ ਦਾ ਪੱਧਰ ਹੋਰ ਵੀ ਸੁਧਰ ਜਾਵੇਗਾ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨ (ਪੀ.ਐਮ.ਜੀ.ਐਸ.ਵਾਈ)-3 ਬੈਚ-ਦੇ 1 ਪ੍ਰਾਜੈਕਟ ਹੇਠ ਸੂਬੇ ਦੀਆਂ 1045 ਕਿਲੋਮੀਟਰ ਸੜਕਾਂ ਦਾ ਪੱਧਰ ਉੱਚਾ ਚੁੱਕਿਆ ਜਾਵੇਗਾ। ਇਸ ਪ੍ਰੋਜੈਕਟ ਨੂੰ ਭਾਰਤ ਸਰਕਾਰ ਵਲੋਂ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ ਇਸ ਪ੍ਰੋਜੈਕਟ ਦੀ ਟੈਂਡਰ ਪ੍ਰਕਿਰਿਆ ਦੇ ਨਾਲ ਨਾਲ ਹੋਰ ਸਾਰੀਆਂ ਮੁੱਢਲੀਆਂ ਉਪਚਾਰਕਤਾਵਾਂ ਪੂਰੀਆਂ ਹੋ ਗਈਆਂ ਹਨ।
ਬੁਲਾਰੇ ਅਨਸਾਰ ਇਸ ਪ੍ਰਾਜੈਕਟ ਹੇਠ 12 ਜ਼ਿਲਿਆਂ ਵਿੱਚ 98 ਸੜਕਾਂ ਦਾ ਪੱਧਰ ਉੱਚਾ ਚੁੁੱਕਿਆ ਜਾਵੇਗਾ ਜਿਹਨਾਂ ਵਿੱਚ ਬਠਿੰਡਾ, ਬਰਨਾਲਾ, ਫਰੀਦਕੋਟ, ਫਤਹਿਗੜ੍ਹ ਸਾਹਿਬ , ਫਾਜ਼ਿਲਕਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮੋਗਾ, ਮੋਹਾਲੀ, ਪਟਿਆਲਾ ਅਤੇ ਸੰਗਰੂਰ ਸ਼ਾਮਲ ਹਨ। ਇਹ ਪ੍ਰੋਜੈਕਟ ਹੇਠ 75 ਕਮਿਊਨਿਟੀ ਬਲਾਕ ਕਵਰ ਕੀਤੇ ਜਾਣਗੇ। ਇਹ ਪ੍ਰੋਜੈਕਟ 60:40 ਦੀ ਅਨੁਪਾਤ ਨਾਲ ਚਲਾਇਆ ਜਾ ਰਿਹਾ ਹੈ। ਇਸ ਵਿੱਚ ਭਾਰਤ ਸਰਕਾਰ ਦਾ 60 ਫੀਸਦੀ ਅਤੇ ਸੂਬਾ ਸਰਕਾਰ ਦਾ 40 ਫੀਸਦੀ ਹਿੱਸਾ ਹੋਵੇਗਾ। ਇਨਾਂ ਸੜਕਾਂ ਦੇ 5 ਸਾਲਾਂ ਲਈ ਰੁਟੀਨ ਪ੍ਰਬੰਧਨ ਅਤੇ ਰੱਖ-ਰਖਾਓ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਵਾਸਤੇ 100 ਕਰੋੜ ਰੁਪਏ ਦੇ ਫੰਡ ਸੂਬਾ ਸਰਕਾਰ ਵਲੋਂ ਮੁਹੱਈਆ ਕਰਵਾਏ ਜਾਣਗੇ।