- ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪ੍ਰਧਾਨ ਮੰਤਰੀ ਨੁੰ ਬੇਨਤੀ ਕੀਤੀ ਕਿ ਉਹ ਰਾਜਨੇਤਾ ਵਾਂਗ ਪੇਸ਼ ਆਉਣ ਤੇ ਰਵਨੀਤ ਬਿੱਟੂ ਵਰਗਿਆਂ ਵੱਲੋਂ ਚੁੱਕੇ ਇਤਰਾਜ਼ਾਂ ’ਤੇ ਗੌਰ ਨਾ ਕਰਨ
- ਭਾਈ ਰਾਜੋਆਣਾ ਦੀ ਰਿਹਾਈ ਕਾਨੂੰਨੀ ਅਧਿਕਾਰ ਦੱਸਣ ’ਤੇ ਮਨੀਸ਼ ਤਿਵਾੜੀ ਵੱਲੋਂ ਕੀਤੀ ਅਪੀਲ ਦਾ ਕੀਤਾ ਸਵਾਗਤ
ਲੁਧਿਆਣਾ, 21 ਅਪ੍ਰੈਲ 2022 – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੁੰ ਅਪੀਲ ਕੀਤੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 401 ਸਾਲਾ ਪ੍ਰਕਾਸ਼ ਪੁਰਬ ’ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੁੰ ਰਿਹਾਅ ਕੀਤਾ ਜਾਵੇ ਅਤੇ ਕਿਹਾ ਕਿ ਇਸ ਕਦਮ ਨਾਲ ਸਿੱਖਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲੱਗੇਗੀ ਅਤੇ ਇਹ ਕਦਮ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਹੋਰ ਸਹਾਈ ਹੋਵੇਗਾ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਾਈ ਬਲਵੰਤ ਸਿੰਘ ਰਾਜੋਆਣਾ ਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਮੇਤ 8 ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ’ਤੇ ਲਿਆ ਸੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹ ਨੋਟੀਫਿਕੇਸ਼ਨ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਉਹਨਾ ਕਿਹਾ ਕਿ ਪਹਿਲਾਂ 30 ਮਾਰਚ 2012 ਨੂੰ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਦਾ ਦਿਨ ਮੁਕੱਰਰ ਹੋਇਆ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਪਟੀਸ਼ਨ ਅਤੇ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਏ ਸਪਸ਼ਟ ਸਟੈਂਡ ਕਾਰਨ ਫਾਂਸੀ ਟੱਲ ਗਈ ਸੀ।
ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਮਗਰੋਂ ਭਾਈ ਰਾਜੋਆਣਾ ਦੀ ਰਹਿਮ ਦੀ ਪਟੀਸ਼ਨ ਰਾਸ਼ਟਰਪਤੀ ਕੋਲ ਭੇਜੀ ਗਈ ਜਿਸ ’ਤੇ ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਉਹਨਾਂ ਕਿਹਾ ਕਿ ਰਹਿਮ ਦੀ ਪਟੀਸ਼ਨ ’ਤੇ 10 ਸਾਲ ਤੱਕ ਫੈਸਲਾ ਨਾ ਲੈਣਾ ਭਾਈ ਰਾਜੋਆਣਾ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਜਿਸ ਨਾਲ ਉਹਨਾਂ ਨੁੰ ਅਣਦੱਸਿਆ ਮਾਨਸਿਕ ਤਸ਼ੱਦਦ ਝੱਲਣਾ ਪਿਆ ਹੈ। ਹੁਣ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ 30 ਅਪ੍ਰੈਲ ਤੱਕ ਰਹਿਮ ਦੀ ਅਪੀਲ ’ਤੇ ਫੈਸਲੇ ਲਵੇ। ਉਹਨਾਂ ਕਿਹਾ ਕਿ ਕਿਉਂਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ ਸੀ, ਇਸ ਲਈ ਹੁਣ ਭਾਈ ਰਾਜੋਆਣਾ ਨੁੰ ਰਿਹਾਅ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਸਰਦਾਰ ਗਰੇਵਾਲ ਨੇ ਲੁਧਿਆਣਾ ਦੇ ਐਮ ਪੀ ਰਵਨੀਤ ਬਿੱਟੂ ਦੀ ਇਸ ਦਲੀਲ ’ਤੇ ਵੀ ਹਮਲਾ ਬੋਲਿਆ ਕਿ ਭਾਈ ਰਾਜੋਆਣਾ ਦੀ ਰਿਹਾਈ ਨਾਲ ਪੰਜਾਬ ਦੀ ਸ਼ਾਂਤੀ ਪ੍ਰਭਾਵਤ ਹੋਵੇਗੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਸਾਰੇ 9 ਬੰਦੀ ਸਿੰਘਾਂ ਦੀ ਉਮਰ ਕੈਦ ਦੀ ਸਜ਼ਾ ਮੁਆਫ ਕਰਨ ਦਾ ਫੈਸਲਾ ਮਾਮਲੇ ਦੇ ਸਾਰੇ ਪਹਿਲੂਆਂ ਨੁੰ ਧਿਆਨ ਵਿਚ ਰੱਖ ਕੇ ਹੀ ਲਿਆ ਸੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਗਲਤ ਗੱਲ ਹੈ ਕਿ ਬਿੱਟੂ ਇਕ ਨਿੱਜੀ ਪਰਿਵਾਰਕ ਮਾਮਲੇ ਨੂੰ ਭਾਈ ਰਾਜੋਆਣਾ ਦੀ ਰਿਹਾਈ ਰੋਕਣ ਲਈ ਮੁੱਦਾ ਬਣਾ ਰਹੇ ਹਨ ਹਾਲਾਂਕਿ ਉਹਨਾਂ ਖੁਦ ਕਿਸਾਨ ਅੰਦੋਲਨ ਵਿਚ ਇਹ ਐਲਾਨ ਕੀਤਾ ਸੀ ਕਿ ਜੇਕਰ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨ ਵਾਪਸ ਲਏ ਤਾਂ ਫਿਰ ਉਹ ਭਾਈ ਰਾਜੋਆਣਾ ਦੀ ਰਿਹਾਈ ਵਿਚ ਅੜਿਕਾ ਨਹੀਂ ਬਣਨਗੇ।
ਸਰਦਾਰ ਗਰੇਵਾਲ ਨੇ ਪ੍ਰਧਾਨ ਮੰਤਰੀ ਨੁੰ ਅਪੀਲ ਕੀਤੀ ਕਿ ਉਹ ਰਵਨੀਤ ਬਿੱਟੂ ਵਰਗਿਆਂ ਦੀ ਸਿਆਸਤ ਤੋਂ ਪ੍ਰਭਾਵਤ ਨਾ ਹੋਣ, ਬਿੱਟੂ ਕੋਲ ਤਾਂ ਰਾਖੀ ਲਈ 100 ਸੁਰੱਖਿਆ ਕਰਮੀ ਹਨ ਤੇ ਉਹ ਰਾਜਨੇਤਾ ਵਾਂਗ ਪੇਸ਼ ਆਉਣ ਤੇ ਲੋਕਾਂ ਦੇ ਜ਼ਖ਼ਮਾਂ ’ਤੇ ਮਲੱ੍ਹਮ ਲਾਉਣ ਲਈ ਕੰਮ ਕਰਨ। ਉਹਨਾਂ ਨੇ ਪੰਜਾਬੀਆਂ ਨੂੰ ਵ ਚੇਤੇ ਕਰਵਾਇਆ ਕਿ ਬਿੱਟੂ ਨੇ ਕਦੇ ਵੀ ਸਰਕਾਰੀ ਜ਼ਬਰ ਦਾ ਸ਼ਿਕਾਰ ਹੋਏ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਨਹੀਂ ਕੀਤੀ ਹਾਲਾਂਕਿ ਉਹਨਾਂ ਦੇ ਆਪਣੇ ਪਾਰਲੀਮਾਨੀ ਹਲਕੇ ਵਿਚ ਹਜ਼ਾਰਾਂ ਐਸੇ ਲੋਕ ਮੌਜੂਦ ਹਨ।
ਸਰਦਾਰ ਗਰੇਵਾਲ ਨੇ ਸ੍ਰੀ ਬਿੱਟੁ ਨੁੰ ਆਖਿਆ ਕਿ ਉਹ ਆਨੰਦੁਪਰ ਸਾਹਿਬ ਦੇ ਐਮ ਪੀ ਸ੍ਰੀ ਮਨੀਸ਼ ਤਿਵਾੜੀ ਤੋਂ ਸਬਕ ਸਿੱਖਣ ਜੋ ਖੁਦ ਅਤਿਵਾਦ ਪੀੜਤ ਹਨ ਪਰ ਫਿਰ ਵੀ ਉਹਨਾਂ ਭਾਈ ਰਾਜੋਆਣਾ ਦੀ ਰਿਹਾਈ ਦੀ ਵਕਾਲਤ ਕੀਤੀ ਹੈ।
ਇਸ ਘਟਨਾਕ੍ਰਮ ਦਾ ਸਵਾਗਤ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਆਨੰਦੁਪਰ ਸਾਹਿਬ ਦੇ ਐਮ ਪੀ ਨੇ ਕ੍ਰਿਮੀਨਲ ਪ੍ਰੋਸੀਜ਼ਰ ਦੀ ਧਾਰਾ 430 ਦਾ ਸਪਸ਼ਟ ਤੌਰ ’ਤੇ ਜ਼ਿਕਰ ਕੀਤਾ ਹੈ ਤਾਂ ਜੋ ਬੰਦੀ ਸਿੰਘ ਦੀ ਰਿਹਾਈ ਨੁੰ ਜਾਇਜ਼ ਠਹਿਰਾਇਆ ਜਾ ਸਕੇ। ਉਹਨਾਂ ਕਿਹਾ ਕਿ ਰਾਜੀਵ ਗਾਂਧੀ ਦੇ ਹੱਤਿਆਰਿਆਂ ਦੀ ਮੌਤ ਦੀ ਸਜ਼ਾ ਵੀ ਉਮਰ ਕੈਦ ਵਿਚ ਬਦਲ ਦਿੱਤੀ ਗਈ ਸੀ ਜਦੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਸਬੰਧ ਵਿਚ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਜਦੋਂ ਸੁਪਰੀਮ ਕੋਰਟ ਨੇ ਅਤਿਵਾਦੀ ਧਾਰਾਵਾਂ ਦਾ ਹਵਾਲਾ ਦੇ ਕੇ ਕੈਦੀਆਂ ਨੁੰ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਸੀ। ਸਰਦਾਰ ਗਰੇਵਾਲ ਨੇ ਕਿਹਾ ਕਿ ਇਹੀ ਮਿਸਾਲ ਸੁਪਰੀਮ ਕੋਰਟ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਬਦਲਣ ਲਈ ਵਰਤੀ। ਉਹਨਾਂ ਕਿਹਾ ਕਿ ਹੁਣ ਭਾਈ ਰਾਜੋਆਣਾ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੇ ਰਾਹ ਵਿਚ ਕੋਈ ਅੜਿਕਾ ਨਹੀਂ ਹੈ ਤੇ ਇਹਨਾਂ ਨੁੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।