ਅਕਾਲੀ-ਬਸਪਾ ਗਠਜੋੜ ਮੌਕਾਪ੍ਰਸਤ ਤੇ ਬੇਮੇਲ: ਸੁਖਜਿੰਦਰ ਸਿੰਘ ਰੰਧਾਵਾ

  • ਬਿਨਾਂ ਵਿਚਾਰਧਾਰਕ ਸਾਂਝ ਤੋਂ ਕੋਈ ਵੀ ਗਠਜੋੜ ਬਹੁਤੀ ਦੇਰ ਟਿਕ ਨਹੀਂ ਸਕਦਾ
  • ਕੀ ਬਸਪਾ ਅਕਾਲੀ ਦਲ ਦੇ ਪਾਪਾਂ ਬਾਰੇ ਆਪਣੇ ਪਹਿਲਾ ਵਾਲਾ ਸਟੈਂਡ ਉਤੇ ਕਾਇਮ ਹੈ?

ਚੰਡੀਗੜ੍ਹ, 13 ਜੂਨ 2021 – ਅਕਾਲੀ-ਬਸਪਾ ਗਠਜੋੜ ਨੂੰ ਮੌਕਾਪ੍ਰਸਤ ਤੇ ਬੇਮੇਲ ਗਰਦਾਨਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਗਠਜੋੜ ਵਿੱਚ ਕੋਈ ਵਿਚਾਰਧਾਰਕ ਸਾਂਝ ਨਹੀਂ ਹੈ ਸਗੋਂ ਇਹ ਸਿਰਫ਼ ਵੋਟਾਂ ਦੀ ਸਿਆਸਤ ਤੋਂ ਪ੍ਰੇਰਿਤ ਹੈ।
ਇੱਥੇ ਜਾਰੀ ਇਕ ਬਿਆਨ ਵਿੱਚ ਸ. ਰੰਧਾਵਾ ਨੇ ਸਵਾਲ ਕੀਤਾ ਕਿ ਅਕਾਲੀ-ਭਾਜਪਾ ਗਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਣ ਵਾਲੇ ਅਕਾਲੀ ਦਲ ਦੇ ਮੋਹਰੀ ਹੁਣ ਇਸ ਗਠਜੋੜ ਨੂੰ ਕੀ ਨਾਂ ਦੇਣਗੇ, ਜਿਹੜਾ ਸਿਰਫ਼ ਆਪਣਾ ਗਵਾਚਿਆ ਆਧਾਰ ਬਚਾਉਣ ਦੀ ਇਕ ਕਵਾਇਦ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਪੰਜਾਬ ਦੀ ਸਿਆਸਤ ਵਿੱਚ ਸਿਫ਼ਰ ਹੋ ਚੁੱਕਿਆ ਹੈ, ਜਿਸ ਵਿੱਚ ਜੇ ਕੋਈ ਹੋਰ ਚੀਜ਼ ਗੁਣਾਂ ਕੀਤੀ ਜਾਵੇ ਤਾਂ ਇਹ ਸਿਰਫ਼ ਜ਼ੀਰੋ ਹੀ ਰਹੇਗੀ।

ਸ. ਰੰਧਾਵਾ ਨੇ ਕਿਹਾ ਕਿ ਬੇਅਦਬੀ ਕਾਂਡ ਕਾਰਨ ਅਕਾਲੀ ਦਲ ਦੇ ਧਾਰਮਿਕ ਖ਼ਾਸੇ ਨੂੰ ਬਹੁਤ ਵੱਡਾ ਖੋਰਾ ਲੱਗਿਆ ਹੈ ਅਤੇ ਉਸ ਦੀ ਨੀਂਹ ਹੀ ਡਗਮਗਾ ਗਈ ਹੈ। ਹੁਣ ਇਸ ਕਮਜ਼ੋਰ ਹੋ ਚੁੱਕੀ ਨੀਂਹ ਉਤੇ ਗਠਜੋੜ ਦੀ ਇਮਾਰਤ ਤਾਮੀਰ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਾਕਾ ਕਲਚਰ ਨੇ ਵੀ ਟਕਸਾਲੀ ਆਗੂਆਂ ਨੂੰ ਪਾਰਟੀ ਤੋਂ ਦੂਰ ਕਰ ਦਿੱਤਾ ਹੈ ਅਤੇ ਇਹ ਸਿਰਫ਼ ਮੌਕਾਪ੍ਰਸਤਾਂ ਤੇ ਪਦਾਰਥਵਾਦੀਆਂ ਦਾ ਟੋਲਾ ਬਣ ਚੁੱਕਿਆ ਹੈ।

ਅਕਾਲੀ ਦਲ ਨੂੰ ਗੁਰੂ ਤੋਂ ਬੇਮੁੱਖ ਹੋ ਚੁੱਕੀ ਪਾਰਟੀ ਦੱਸਦਿਆਂ ਸ. ਰੰਧਾਵਾ ਨੇ ਕਿਹਾ ਕਿ ਪਹਿਲਾਂ ਤਾਂ ਇਸ ਪਾਰਟੀ ਦੇ ਮੱਥੇ ਉੱਤੇ ਬੇਅਦਬੀ ਦਾ ਕਲੰਕ ਲੱਗਿਆ ਅਤੇ ਹੁਣ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਦੀ ਡੁੱਬਦੀ ਕਿਸ਼ਤੀ ਨੂੰ ਬਸਪਾ ਪਾਰ ਨਹੀਂ ਲੰਘਾ ਸਕੇਗੀ, ਕਿਉਂਕਿ ਬਸਪਾ ਖ਼ੁਦ ਉੱਤਰ ਪ੍ਰਦੇਸ਼ ਵਿੱਚ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੀ ਹੈ।

ਪੰਜਾਬ ਦਾ ਧਾਰਮਿਕ ਨਿਰਪੱਖ ਤਾਣਾ-ਬਾਣਾ ਸਿਰਫ਼ ਕਾਂਗਰਸ ਵਰਗੀ ਧਰਮ ਨਿਰਪੱਖ ਪਾਰਟੀ ਦੇ ਹੱਥ ਵਿੱਚ ਸੁਰੱਖਿਅਤ ਹੋਣ ਦਾ ਦਾਅਵਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਕਾਂਗਰਸ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਉਨ੍ਹਾਂ ਅਕਾਲੀ ਦਲ ਤੇ ਬਸਪਾ ਵਿਚਾਲੇ ਹੋਈ ਸੀਟਾਂ ਦੀ ਵੰਡ ਉਤੇ ਵੀ ਉਂਗਲ ਚੁੱਕੀ, ਜਿਸ ਵਿੱਚ ਬਸਪਾ ਨੂੰ ਘੱਟ ਅਤੇ ਅਕਾਲੀ ਦਲ ਦੀਆਂ ਪੱਕੀ ਹਾਰ ਵਾਲ਼ੀਆਂ ਸੀਟਾਂ ਦੇ ਕੇ ਉਸ ਦੀ ਹੇਠੀ ਕੀਤੀ ਗਈ ਹੈ।
ਉਨ੍ਹਾਂ ਬਸਪਾ ਨੂੰ ਸਿਰਫ ਇੱਕੋ ਸਵਾਲ ਕੀਤਾ ਕਿ ਅਕਾਲੀਆਂ ਦੇ 10 ਸਾਲ ਦੇ ਕੁਸ਼ਾਸਨ, ਬੇਅਦਬੀ ਅਤੇ ਭਾਜਪਾ ਨਾਲ ਮਿਲ ਕੇ ਕਾਲੇ ਖੇਤੀ ਕਾਨੂੰਨ ਬਣਾਉਣ ਵਿੱਚ ਭਾਈਵਾਲ ਦੇ ਮੁੱਦੇ ਉਤੇ ਕੀ ਬਸਪਾ ਦਾ ਸਟੈਂਡ ਪਹਿਲਾਂ ਵਾਲਾ ਹੀ ਰਹੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਮੋਰਚੇ ਵੱਲੋਂ 26 ਜੂਨ ਨੂੰ ਕੀਤੇ ਜਾਣ ਵਾਲ਼ੇ ਦੇਸ਼-ਵਿਆਪੀ ਰੋਸ-ਪ੍ਰਦਰਸ਼ਨਾਂ ਦੀਆਂ ਤਿਆਰੀਆਂ ਸ਼ੁਰੂ

ਵਜੀਫ਼ਾ ਰਾਸ਼ੀ ਵਿੱਚ ਕਾਂਗਰਸ ਸਰਕਾਰ ਵਲੋਂ ਕੀਤੇ ਘੁਟਾਲੇ ਖਿਲਾਫ਼ ਆਪ ਕਰੇਗੀ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਭੁੱਖ ਹੜਤਾਲ