- ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਪੰਜਾਬੀਆਂ ਦੇ ਦੁਸ਼ਮਣ ਨੰਬਰ ਇਕ ਕਰਾਰ ਦਿੱਤਾ
ਚੰਡੀਗੜ੍ਹ, 10 ਮਾਰਚ 2021 – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪੇਸ਼ ਕੀਤੇ 2021-22 ਦੇ ਬਜਟ ਦੀਆਂ ਕਾਪੀਆਂ ਸਾੜੀਆਂ ਤੇ ਜ਼ੋਰ ਦੇ ਕੇ ਕਿਹਾ ਕਿ ਇਹ ਦਸਤਾਵੇਜ਼ ਝੂਠ ਦੀ ਪੰਡ ਹੈ ਤੇ ਪੁਰਾਣੀਆਂ ਸਕੀਮਾਂ ਨੁੰ ਨਵੇਂ ਸਿਰਿਓਂ ਪੇਸ਼ ਕਰ ਕੇ ਪੰਜਾਬੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਸ਼ਰਾਰਤ ਹੈ। ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੰਜਾਬੀਆਂ ਦੇ ਦੁਸ਼ਮਣ ਨੰਬਰ ਇਕ ਕਰਾਰ ਦਿੱਤਾ।
ਅਕਾਲੀ ਵਿਧਾਇਕਾਂ, ਜਿਹਨਾਂ ਨੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਪੇਸ਼ ਕਰਦਿਆਂ ਕਾਂਗਰਸੀ ਦਰੱਖਤ ਜਿਸ ਵਿਚ ਕਿਸਾਨਾਂ, ਨੌਜਵਾਨਾਂ, ਐਸ ਸੀ ਵਰਗ, ਮੁਲਾਜ਼ਮਾਂ ਤੇ ਕਮਜ਼ੋਰ ਵਰਗਾਂ ਨਾਲ ਕੀਤੇ ਝੂਠ ਵਾਅਦੇ ਵੀ ਵਿਖਾਏ ਗਏ ਸਨ, ਨਾਲ ਵਿਧਾਨ ਸਭਾ ਤੱਕ ਰੋਸ ਮਾਰਚ ਕੀਤਾ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਦੀਆਂ ਭਾਵਨਾਵਾਂ ਦਰਸਾ ਰਹੇ ਹਾਂ ਜਿਹਨਾਂ ਨੇ ਲੋਕ ਵਿਰੋਧੀ ਬਜਟ ਰੱਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਨੂੰ ਲੋਕਾਂ ਨਾਲ ਧੋਖਾ ਨਹੀਂ ਕਰਨ ਦਿਆਂਗੇ ਤੇ ਹੁਣ ਆਪਣੀ ਮੁਹਿੰਮ ਨੂੰ ਪੰਜਾਬ ਮੰਗੇ ਜਵਾਬ ਮੁਹਿੰਮ ਤਹਿਤ ਲੋਕਾਂ ਤੱਕ ਲਿਜਾਣਗੇ ਤੇ ਸਰਕਾਰ ਨੁੰ ਬੇਨਕਾਬ ਕਰਨਗੇ।
ਇਸ ਮੌਕੇ ਹੋਰ ਅਕਾਲੀ ਵਿਧਾਇਕਾਂ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਐਲਾਨੇ 5 ਹਜ਼ਾਰ ਕਰੋੜ ਰੁਪਏ ਜਾਰੀ ਨਹੀਂ ਕੀਤੇ। ਕੀਤੇ ਵਾਅਦੇ ਅਨੁਸਾਰ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੁੰ 10 ਲੱਖ ਰੁਪਏ ਮੁਆਵਜ਼ਾ ਤੇ ਇਕ ਸਰਕਾਰੀ ਨੌਕਰੀ ਨਹੀਂ ਦਿੱਤੀ।
ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੇ ਐਸ ਸੀ ਸਕਾਲਰਸ਼ਿਪ ਦੇ 2400 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਪਰ ਇਹ ਜਾਰੀ ਨਹੀਂ ਕੀਤੇ ਜਿਸ ਕਾਰਨ ਲੱਖਾਂ ਦਲਿਤ ਵਿਦਿਆਰਥੀਆਂ ਨੁੰ ਮੁਸ਼ਕਿਲਾਂ ਝੱਲਣੀਆਂ ਪਈਆਂ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਨੇ ਬੇਘਰੇ ਲੋਕਾਂ ਨੂੰ ਘਰ ਦੇਣ ਦਾ ਵਾਅਦਾ ਕੀਤਾ ਸੀ ਪਰ ਨਾ ਤਾਂ ਪੰਜ ਮਰਲੇ ਦੇ ਪਲਾਟ ਦਿੱਤੇ ਤੇ ਨਾ ਹੀ ਘਰ ਬਣਾਉਣ ਲਈ ਪੈਸਾ ਦਿੱਤਾ।
ਨੌਜਵਾਨਾਂ ਨਾਲ ਕੀਤੇ ਧੋਖੇ ਦੀ ਗੱਲ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਨੌਕਰੀਆਂ ਵਾਸਤੇ ਪੋਰਟਲ ਬਣਾ ਰਹੀ ਹੈ ਜਿਥੇ ਨੌਜਵਾਨ ਨੌਕਰੀਆਂ ਵਾਸਤੇ ਅਪਲਾਈ ਕਰਨਗੇ। ਉਹਨਾਂ ਸਵਾਲ ਕੀਤਾ ਕਿ ਚਾਰ ਸਾਲ ਪਹਿਲਾਂ ਤੁਹਾਡੇ ਵੱਲੋਂ ਭਰੇ ਫਾਰਮਾਂ ਦਾ ਕੀ ਬਣਿਆ ? ਸ੍ਰੀ ਮਜੀਠੀਆ ਨੇ ਇਹ ਵੀ ਕਿਹਾ ਕਿ ਨੌਕਰੀਆਂ ਦੇਣ ਦੀ ਥਾਂ ਸਰਕਾਰ ਨੇ ਪ੍ਰਸ਼ਾਸਕੀ ਪੁਨਰਗਠਨ ਦੇ ਨਾਂ ’ਤੇ ਹਜ਼ਾਰਾਂ ਆਸਾਮੀਆਂ ਖਤਮ ਕਰ ਦਿੱਤੀਆਂ। ਉਹਨਾਂ ਕਿਹਾ ਕਿ ਬੇਰੋਜ਼ਗਾਰ ਨੌਜਵਾਨਾਂ ਨੁੰ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਨਹੀਂ ਦਿੱਤਾ ਗਿਆ ਤੇ ਨਾ ਹੀ ਆਪਣਾ ਕੰਮਕਾਜ ਸ਼ੁਰੂ ਕਰਨ ਜਾਂ ਟਰੈਕਟਰ ਖਰੀਦਣ ਲਈ ਸੌਖਾ ਕਰਜ਼ਾ ਨੌਜਵਾਨਾਂ ਨੁੰ ਦੇਣ ਦਾ ਵਾਅਦਾ ਹੀ ਪੂਰਾ ਕੀਤਾ।
ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਸਮੇਤ ਅਕਾਲੀ ਵਿਧਾਇਕਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨਾਲ ਕਿਵੇਂ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ 4 ਹਜ਼ਾਰ ਕਰੋੜ ਰੁਪਏ ਹਾਲੇ ਜਾਰੀ ਨਹੀਂ ਕੀਤੇ ਗਏ ਤੇ ਵੱਧ ਦਰਾਂ ਵਾਲੇ ਪੰਜਾਬ ਦੇ ਪੇਅ ਸਕੇਲ ਦੀ ਥਾਂ ’ਤੇ ਕੇਂਦਰ ਦੇ ਪੇਅ ਸਕੇਲ ’ਤੇ ਨਵੀਂ ਭਰਤੀ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪਹਿਲੀ ਹੀ ਕੈਬਨਿਟ ਮੀਟਿੰਗ ਵਿਚ ਪੱਕਾ ਕੀਤਾ ਜਾਵੇਗਾ ਪਰ ਹਾਲੇ ਤੱਕ ਅਜਿਹਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਵੀ ਹਾਲੇ ਤੱਕ ਜਾਣ ਬੁੱਝ ਕੇ ਅੰਤਿਮ ਰੂਪ ਨਹੀਂ ਦਿੱਤਾ ਗਿਆ।