ਚੰਡੀਗੜ੍ਹ, 23 ਮਾਰਚ 2022 – ਦੇਸ਼ ਦੀ ਆਜ਼ਾਦੀ ਦਾ ਜ਼ਜਬਾ ਰੱਖਣ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਅੱਜ ਦੇ ਦਿਨ 23 ਮਾਰਚ, 1931 ਨੂੰ ਫਾਂਸੀ ਦਿੱਤੀ ਗਈ ਸੀ,, ਉਨ੍ਹਾਂ ਨੂੰ ਫਾਂਸੀ ਦੇਣ ‘ਤੇ ਜੇਲ ‘ਚ ਬੰਦ ਸਾਰੇ ਕੈਦੀਆਂ ਦੀਆਂ ਅੱਖਾਂ ‘ਚ ਤਾਂ ਅੱਥਰੂ ਆ ਗਏ ਸਨ ਪਰ ਇਸ ਦੇ ਨਾਲ ਹੀ ਫਾਂਸੀ ਮੌਜੂਦ ਜਲਾਦ ਅਤੇ ਬ੍ਰਿਟਿਸ਼ ਪੁਲਿਸ ਕਰਮਚਾਰੀਆਂ ਦੀਆਂ ਰੂਹਾਂ ਤੱਕ ਕੰਬ ਗਈਆਂ ਸਨ… ਫਾਂਸੀ ਤੋਂ ਪਹਿਲਾਂ ਵੀ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀ ਮੁਸਕਰਾ ਰਹੇ ਸਨ ਅਤੇ ਰੱਬ ਨੂੰ ਗੁਜ਼ਾਰਿਸ਼ ਕਰ ਰਹੇ ਸਨ ਕਿ ਉਹ ਦੁਬਾਰਾ ਇਸ ਧਰਤੀ ‘ਤੇ ਪੈਦਾ ਹੋ ਕੇ ਦੇਸ਼ ਲਈ ਕੁਰਬਾਨ ਹੋਣਾ ਚਾਹੁੰਦੇ ਹਨ.. ਹੱਸਦਿਆਂ-ਹੱਸਦਿਆਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ ਦੇਸ਼ ਲਈ ਸ਼ਹੀਦ ਹੋਏ… ਅੱਜ ਵੀ ਉਨ੍ਹਾਂ ਦੀ ਕੁਰਬਾਨੀ ‘ਤੇ ਦੇਸ਼ ਨੂੰ ਮਾਣ ਹੈ।
ਗੱਲ ਕਰਦੇ ਹਾਂ, ਆਜ਼ਾਦੀ ਦੀ ਗੁੜਤੀ ਵਾਲੇ ਪਰਿਵਾਰ ‘ਚ ਪੈਦਾ ਹੋਣ ਵਾਲੇ ਸ਼ਹੀਦ ਭਗਤ ਸਿੰਘ ਦੀ ਜਿਸ ਦਾ ਜਨਮ ਜੱਟ ਸਿੱਖ ਸੰਧੂ ਪਰਿਵਾਰ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907, ਚੱਕ ਨੰਬਰ 105 ਪਿੰਡ ਬੰਗਾ, ਜਿਲਾਂ ਲਾਇਲਪੁਰ (ਪਾਕਿਸਤਾਨ) ‘ਚ ਹੋਇਆ। ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਨਵਾਂ ਸ਼ਹਿਰ (ਪੰਜਾਬ) ‘ਚ ਸਥਿਤ ਹੈ, ਜਿਸ ਦਾ ਨਾਂ ਬਦਲ ਕੇ ‘ਸ਼ਹੀਦ ਭਗਤ ਸਿੰਘ ਨਗਰ’ ਰੱਖ ਦਿੱਤਾ ਗਿਆ ਹੈ। ਸਰਦਾਰ ਅਰਜਨ ਸਿੰਘ ਸ਼ਹੀਦ ਭਗਤ ਸਿੰਘ ਦੇ ਦਾਦਾ ਜੀ ਸਨ। ਬਚਪਨ ‘ਚ ਦਾਦੀ ਜੀ ਭਗਤ ਸਿੰਘ ਨੂੰ ‘ਭਾਗਾਂ ਵਾਲਾ’ ਕਹਿ ਕੇ ਬੁਲਾਉਂਦੇ ਸੀ… ਸ਼ਹੀਦ ਭਗਤ ਸਿੰਘ ਦੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਦੀ ਪੜ੍ਹਾਈ 1916-17 ‘ਚ ਲਾਹੌਰ ਸਕੂਲ ‘ਚ ਦਾਖਲਾ ਲਿਆ… ਭਗਤ ਸਿੰਘ ਨੇ ਅੰਗਰੇਜੀ, ਉਰਦੂ, ਸੰਸਕ੍ਰਿਤੀ, ਗੁਰਮੁਖੀ, ਹਿੰਦੀ ਅਤੇ ਬੰਗਾਲੀ ਭਾਸ਼ਾਵਾਂ ‘ਚ ਚੰਗੀ ਮੁਹਾਰਤ ਹਾਸਿਲ ਕਰ ਲਈ ਸੀ।
ਕਿਵੇਂ ਆਜ਼ਾਦੀ ਲਈ ਪ੍ਰੇਰਿਤ ਹੋਏ ਸਨ ਸਰਦਾਰ ਭਗਤ ਸਿੰਘ –
ਜਲ੍ਹਿਆਵਾਲੇ ਬਾਗ ਦੇ ਖੂਨੀ ਸਾਕੇ ਨੇ ਸਰਦਾਰ ਭਗਤ ਸਿੰਘ ਦੇ ਮਨ ‘ਤੇ ਇੰਨਾ ਡੂੰਘਾ ਅਸਰ ਪਾਇਆ ਕਿ ਉਨ੍ਹਾਂ ਨੇ ਜਲ੍ਹਿਆਵਾਲੇ ਬਾਗ ਦੀ ਖੂਨ ਨਾਲ ਭਿੱਜੀ ਮਿੱਟੀ ਲੈ ਕੇ ਆਏ ਅਤੇ ਆਪਣੇ ਕਮਰੇ ‘ਚ ਰੱਖ ਲਈ। ਇਸ ਖੂਨੀ ਸਾਕੇ ਤੋਂ ਉਨ੍ਹਾਂ ਦੇ ਮਨ ‘ਚ ਅੰਗਰੇਜਾ ਪ੍ਰਤੀ ਨਫਰਤ ਦੀ ਭਾਵਨਾ ਪੈਦਾ ਹੋ ਗਈ… 1921 ‘ਚ ਦਸਵੀਂ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ ‘ਨਾ-ਮਿਲਵਰਤਨ ਲਹਿਰ’ ‘ਚ ਸਰਗਰਮ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ 1921-22 ਦੌਰਾਨ ਨੈਸ਼ਨਲ ਕਾਲਜ ਲਾਹੌਰ ‘ਚ ਪੜ੍ਹਦਿਆ ਜੈਦੇਵ ਗੁਪਤਾ ਅਤੇ ਸੁਖਦੇਵ ਨਾਲ ਦੋਸਤੀ ਹੋਈ। 13 ਮਾਰਚ 1926 ਨੂੰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ।
ਜਦੋਂ ਸਾਈਮਨ ਕਮਿਸ਼ਨ 30 ਅਕਤੂਬਰ 1928 ਨੂੰ ਲਾਹੌਰ ਪਹੁੰਚਿਆ ਤਾਂ ਉਸ ਦੇ ਖਿਲਾਫ ਨੌਜਵਾਨ ਭਾਰਤ ਸਭਾ ਨੇ ਜਲੂਸ ਕੱਢਿਆ। ਇਸ ਦੌਰਾਨ ਅੰਗਰੇਜਾਂ ਨੇ ਲਾਠੀਚਾਰਜ ਕੀਤਾ ਜਿਸ ਕਰਕੇ ਲਾਲਾ ਲਾਜਪਤ ਰਾਏ ਦੇ ਸਿਰ ‘ਚ ਡੂੰਘੀ ਸੱਟ ਲੱਗਣ ਕਾਰਨ ਮੌਤ ਹੋ ਗਈ। ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ਸਕਾਟ ਦੀ ਥਾਂ ਜੇ. ਪੀ. ਸਾਂਡਰਸ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ।
1929 ਨੂੰ ਕੇਂਦਰ ਅਸੈਂਬਲੀ ਦੇ ਸੈਂਟਰਲ ਹਾਲ ‘ਚ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਨਕਲੀ ਬੰਬ ਸੁੱਟੇ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ। ਅਸੈਂਬਲੀ ‘ਚ ਬੰਬ ਸੁੱਟਣ ਦੌਰਾਨ ਉਹ ਉੱਥੋ ਭੱਜੇ ਨਹੀਂ ਅਤੇ ਸਗੋਂ ਗ੍ਰਿਫਤਾਰ ਦੇ ਦਿੱਤੀ ਸੀ।
ਫਾਂਸੀ ਦੀ ਸਜ਼ਾ-
ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ 7 ਅਕਤੂਬਰ 1930 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਫਾਂਸੀ ਦੀ ਤਾਰੀਕ 24 ਮਾਰਚ 1931 ਤੈਅ ਕੀਤੀ ਗਈ ਸੀ ਪਰ ਲੋਕਾਂ ਦੀ ਭੀੜ ਤੋਂ ਡਰਦਿਆਂ ਅੰਗਰੇਜਾਂ ਨੇ ਉਨ੍ਹਾਂ ਨੂੰ ਇੱਕ ਦਿਨ ਪਹਿਲਾਂ 23 ਮਾਰਚ 1931 ਦੀ ਸ਼ਾਮ 7.30 ਵਜੇ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਫਾਂਸੀ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਆਖਰੀ ਇੱਛਾ ਪੁੱਛੀ ਤਾਂ ਤਿੰਨਾਂ ਦੀ ਗਲੇ ਲੱਗਣਾ ਦੀ ਇੱਛਾ ਪੂਰੀ ਕੀਤੀ ਅਤੇ ਹੱਸਦੇ ਹੋਏ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਫਾਂਸੀ ਦੇ ਰੱਸੇ ਗਲਾਂ ‘ਚ ਪਾ ਲਏ।
ਆਖਰੀ ਚਿੱਠੀ-
ਫਾਂਸੀ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨੇ ਆਖਰੀ ਇੱਕ ਚਿੱਠੀ ਵੀ ਲਿਖੀ ਸੀ, ਜਿਸ ‘ਚ ਭਗਤ ਸਿੰਘ ਨੇ ਲਿਖਿਆ, ‘ਸਾਥੀਓ ਕੁਦਰਤੀ ਹੈ ਕਿ ਜੀਉਣ ਦੀ ਇੱਛਾ ਮੇਰੇ ‘ਚ ਵੀ ਹੋਣੀ ਚਾਹੀਦੀ ਹੈ। ਮੈਂ ਇਸ ਨੂੰ ਲੁਕਾਉਣਾ ਨਹੀਂ ਚਾਹੁੰਦਾ ਹਾਂ ਪਰ ਮੈਂ ਇਕ ਸ਼ਰਤ ‘ਤੇ ਜ਼ਿੰਦਾ ਰਹਿ ਸਕਦਾ ਹਾਂ ਕਿ ਕੈਦ ਹੋ ਕੇ ਜਾਂ ਪਾਬੰਦ ਹੋ ਕੇ ਨਾ ਰਹਾਂ। ਮੇਰਾ ਨਾਂ ਹਿੰਦੁਸਤਾਨੀ ਕ੍ਰਾਂਤੀ ਦਾ ਪ੍ਰਤੀਕ ਬਣ ਚੁੱਕਾ ਹੈ। ਕ੍ਰਾਂਤੀਕਾਰੀ ਦਲਾਂ ਦੇ ਆਦਰਸ਼ਾਂ ਨੇ ਮੈਨੂੰ ਬਹੁਤ ਉੱਚਾ ਚੁੱਕ ਦਿੱਤਾ ਹੈ, ਇੰਨਾ ਉੱਚਾ ਕਿ ਜ਼ਿਉਂਦੇ ਰਹਿਣ ਦੀ ਸਥਿਤੀ ‘ਚ ਮੈਂ ਇਸ ਤੋਂ ਉੱਚਾ ਨਹੀਂ ਹੋ ਸਕਦਾ ਸੀ। ਮੇਰੇ ਹੱਸਦੇ-ਹੱਸਦੇ ਫਾਂਸੀ ‘ਤੇ ਚੜ੍ਹਣ ਦੀ ਸੂਰਤ ‘ਚ ਦੇਸ਼ ਦੀਆਂ ਮਾਂਵਾਂ ਆਪਣੇ ਬੱਚਿਆਂ ਦੇ ਭਗਤ ਸਿੰਘ ਦੀ ਉਮੀਦ ਕਰਣਗੀ। ਇਸ ਨਾਲ ਆਜ਼ਾਦੀ ਲਈ ਕੁਰਬਾਨੀ ਦੇਣ ਵਾਲਿਆਂ ਦੀ ਗਿਣਤੀ ਇੰਨੀ ਵੱਧ ਜਾਵੇਗੀ ਕਿ ਕ੍ਰਾਂਤੀ ਨੂੰ ਰੋਕਣਾ ਮੁਸ਼ਕਿਲ ਹੋ ਜਾਵੇਗਾ। ਅੱਜ ਮੈਨੂੰ ਆਪਣੇ ਆਪ ‘ਤੇ ਬਹੁਤ ਮਾਣ ਹੈ। ਹੁਣ ਤਾਂ ਬਹੁਤ ਬੇਸਬਰੀ ਨਾਲ ਆਖਰੀ ਪ੍ਰੀਖਿਆ ਦੀ ਉਡੀਕ ਹੈ। ਇੱਛਾ ਹੈ ਕਿ ਇਹ ਹੋਰ ਵੀ ਨੇੜੇ ਆ ਜਾਵੇ।’