- 23 ਫਰਵਰੀ ਤੱਕ ਮੰਗੀ ਕਾਰਵਾਈ ਰਿਪੋਰਟ
ਚੰਡੀਗੜ੍ਹ, 9 ਫਰਵਰੀ 2021 – ਕਿਰਤ ਅਧਿਕਾਰਾਂ ਦੀ ਕਾਰਕੁੰਨ ਨੌਦੀਪ ਕੌਰ ਦੇ ਮਾਮਲੇ ਨੂੰ ਮੀਡੀਆ ਦੇ ਇੱਕ ਹਿੱਸੇ ਵਲੋਂ ਇੱਕ ਖਬਰ ਰਾਹੀਂ ਉਠਾਏ ਜਾਣ ਦਾ ‘ਸੂ ਮੋਟੋ’ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਸੋਮਵਾਰ ਨੂੰ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਇਸ ਮਾਮਲੇ ਵਿੱਚ ਦਖਲ ਦੇਣ ਲਈ ਕਿਹਾ ਤਾਂ ਜੋ ਛੇਤੀ ਤੋਂ ਛੇਤੀ ਪੀੜਤਾਂ ਨੂੰ ਸਹਾਇਤਾ ਮਿਲਣ ਨੂੰ ਯਕੀਨੀ ਬਣਾਇਆ ਜਾ ਸਕੇ। ਕਮਿਸ਼ਨ ਨੇ ਇਸ ਸੰਬੰਧੀ ਤੁਰੰਤ ਬਣਦੀ ਕਾਰਵਾਈ ਆਰੰਭਣ ਉਪਰੰਤ 23 ਫਰਵਰੀ ਤੱਕ ਰਿਪੋਰਟ ਵੀ ਮੰਗੀ ਹੈ।
ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਕੀਤਾ। ਉਹਨਾਂ ਦੱਸਿਆ ਕਿ ਪੀੜਤ ਲੜਕੀ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੀ ਵਸਨੀਕ ਹੈ ਇਸ ਲਈ ਕਮਿਸ਼ਨ ਨੇ ‘ਸੂ ਮੋਟੋ’ ਨੋਟਿਸ ਲਿਆ ਹੈ । ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਨੂੰ ਭੇਜੇ ਇਕ ਬਿਆਨ ਵਿੱਚ ਕਮਿਸ਼ਨ ਨੇ ਪੀੜਤ ਲੜਕੀ ਨੂੰ ਰਾਹਤ ਦੇਣ ਤੋਂ ਇਲਾਵਾ ਸਿੱਧਾ ਦਖਲ ਦੇਣ ਲਈ ਵੀ ਲਿਖਿਆ ਹੈ ਕਿਉਂਕਿ ਇਹ ਅਨੁਸੂਚਿਤ ਜਾਤੀ ਨਾਲ ਸਬੰਧਤ ਇੱਕ ਮਹਿਲਾ ਉੱਤੇ ਹੋਏ ਤਸ਼ੱਦਦ ਨਾਲ ਜੁੜਿਆ ਬਹੁਤ ਗੰਭੀਰ ਮਾਮਲਾ ਹੈ ।
ਜ਼ਿਕਰਯੋਗ ਹੈ ਕਿ ਇੱਕ ਅੰਗ੍ਰੇਜ਼ੀ ਅਖ਼ਬਾਰ ਨੇ ਕਿਰਤ ਅਧਿਕਾਰਾਂ ਦੀ ਕਾਰਕੁਨ ਨੌਦੀਪ ਕੌਰ (23) ਦੇ ਮਾਮਲੇ ਸੰਬੰਧੀ ਇਕ ਖ਼ਬਰ ਪ੍ਰਕਾਸ਼ਤ ਕੀਤੀ ਸੀ, ਜੋ ਕਿ ਲਗਭਗ ਇੱਕ ਮਹੀਨੇ ਤੋਂ ਪੁਲਿਸ ਹਿਰਾਸਤ ਵਿਚ ਹੈ ਅਤੇ ਜਿਸਨੂੰ ਹਰਿਆਣਾ ਦੀ ਸੈਸ਼ਨ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।