- ਕਾਰਵਾਈ ਸੋਮਵਾਰ ਤੱਕ ਮੁਲਤਵੀ
ਚੰਡੀਗੜ੍ਹ, 11 ਜੁਲਾਈ 2025 – ਅੱਜ (11 ਜੁਲਾਈ) ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਦੂਜਾ ਦਿਨ ਸੀ। ਜੋ ਕਿ ਦੁਪਹਿਰ 2.20 ਵਜੇ ਦੇ ਕਰੀਬ ਖਤਮ ਹੋਇਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਮੁਲਤਵੀ ਕਰ ਦਿੱਤੀ ਗਈ ਹੈ।
ਇਥੇ ਦੱਸ ਦਈਏ ਕਿ ਹੁਣ ਵਿਧਾਨ ਸਭਾ ਦੀ ਕਾਰਵਾਈ 2 ਦਿਨ ਹੋਰ ਚੱਲੇਗੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵੇਰੇ ਸੈਸ਼ਨ ਦੌਰਾਨ ਦੱਸਿਆ ਸੀ ਕਿ ਹੁਣ ਵਿਧਾਨ ਸਭਾ ਦਾ ਸੈਸ਼ਨ 15 ਜੁਲਾਈ ਤੱਕ ਚੱਲੇਗਾ। ਇਸ ਤੋਂ ਪਹਿਲਾਂ ਇਹ ਵਿਸ਼ੇਸ਼ ਸੈਸ਼ਨ ਦੋ ਦਿਨ (10 ਅਤੇ 11 ਜੁਲਾਈ) ਲਈ ਸੱਦਿਆ ਗਿਆ ਸੀ। ਵਿਰੋਧੀ ਧਿਰਾਂ ਸੈਸ਼ਨ ਨੂੰ ਅੱਗੇ ਵਧਾਉਣ ਦੀ ਮੰਗ ਕਰ ਰਹੀਆਂ ਸਨ।
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਪਸ਼ੂ ਕਰੂਰਤਾ ਸੋਧ ਬਿੱਲ (ਦਿ ਪ੍ਰੀਵੈਨਸ਼ਨ ਆਫ ਕਰੁਐਲਿਟੀ ਟੂ ਐਨੀਮਲਜ਼ ਪੰਜਾਬ ਸੋਧਨਾ ਬਿੱਲ 2025) ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਪੇਸ਼ ਕੀਤਾ ਗਿਆ, ਜਿਸਨੂੰ ਸਦਨ ਵਲੋਂ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਬਲਬੀਰ ਕੌਰ ਨੇ ਬਿੱਲ ਦਾ ਸਮਰਥਨ ਕੀਤਾ ਅਤੇ ਇਸਨੂੰ ਇੱਕ ਸ਼ਲਾਘਾਯੋਗ ਕਦਮ ਦੱਸਿਆ।

ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਪੰਜਾਬ (Punjab) ਦੁਕਾਨਾਂ ਅਤੇ ਵਪਾਰਕ ਸਥਾਪਨਾ ਸੋਧ ਬਿੱਲ 2025 ਅਤੇ ਪੰਜਾਬ ਕਿਰਤ ਭਲਾਈ ਫੰਡ ਸੋਧ ਬਿੱਲ 2025 ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋ ਗਏ ਹਨ। ਸਰਬਸੰਮਤੀ ਨਾਲ ਪਾਸ ਹੋਏ ਦੋਵੇਂ ਬਿੱਲਾਂ ਦਾ ਉਦੇਸ਼ ਕਾਮਿਆਂ ਅਤੇ ਵਪਾਰੀਆਂ ਦੇ ਹਿੱਤਾਂ ਦੀ ਬਿਹਤਰ ਰੱਖਿਆ ਕਰਨਾ ਅਤੇ ਕੰਮਕਾਜ ਨੂੰ ਵਧੇਰੇ ਸੁਵਿਧਾਜਨਕ ਬਣਾਉਣਾ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਬਿੱਲ 2025 ਅਤੇ CGC ਝੰਜੇੜੀ ਯੂਨੀਵਰਸਿਟੀ (ਮੋਹਾਲੀ) ਸਬੰਧੀ ਬਿੱਲ ਸਦਨ ’ਚ ਪੇਸ਼ ਕੀਤਾ ਗਿਆ, ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਨਾਲ ਹੁਣ ਸੂਬੇ ਵਿੱਚ ਯੂਨੀਵਰਸਿਟੀਆਂ ਦੀ ਕੁੱਲ ਗਿਣਤੀ 19 ਹੋ ਜਾਵੇਗੀ।
ਉੱਥੇ ਹੀ ਅੱਜ ਸਭ ਤੋਂ ਪਹਿਲਾਂ ਬੀਬੀਐਮਬੀ (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਵਿੱਚ ਸੀਆਈਐਸਐਫ ਤਾਇਨਾਤ ਨਾ ਕਰਨ ਦਾ ਪ੍ਰਸਤਾਵ ਪੰਜਾਬ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਹੁਣ ਪੰਜਾਬ ਸਰਕਾਰ ਇਸ ਮੁੱਦੇ ਨੂੰ ਕੇਂਦਰ ਸਰਕਾਰ ਸਾਹਮਣੇ ਉਠਾਏਗੀ ਅਤੇ ਮੰਗ ਕਰੇਗੀ ਕਿ ਸੀਆਈਐਸਐਫ ਤਾਇਨਾਤ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਰੱਥ ਅਤੇ ਕਾਬਿਲ ਹੈ, ਜੋ ਆਪਣੇ ਬਲਬੂਤੇ ‘ਤੇ ਡੈਮਾਂ ਦੀ ਸੁਰੱਖਿਆ ਵੀ ਪ੍ਰਦਾਨ ਕਰ ਸਕਦੀ ਹੈ। ਦੱਸ ਦਈਏ ਕਿ ਵਿਧਾਨ ਸਭਾ ਦੀ ਕਾਰਵਾਈ ਜਾਰੀ ਹੈ।
