ਬਰਨਾਲਾ, 3 ਅਪ੍ਰੈਲ 2021 – ਬਰਨਾਲਾ ਜ਼ਿਲੇ ਦੇ ਪਿੰਡ ਮਾਂਗੇਵਾਲ ਦਾ ਵਿਆਹੁਤਾ ਜੋੜਾ ਜੋ ਵਿਦੇਸ਼ਾਂ ਵਿੱਚ ਆਪਣਾ ਸੁੱਖ ਆਰਾਮ ਛੱਡ ਕੇ ਆਪਣੇ ਬਜ਼ੁਰਗ ਮਾਂ ਬਾਪ ਦੀ ਸੇਵਾ ਲਈ ਪੰਜਾਬ ਰਹਿ ਰਿਹਾ ਹੈ। ਪਿੰਡ ਮਾਂਗੇਵਾਲ ਦਾ ਸੁਖਦੀਪ ਸਿੰਘ ਲਾਲੀ ਖਾੜਕੂਵਾਦ ਦੇ ਦੌਰ ਵਿੱਚ ਅਮਰੀਕਾ ਚਲਿਆ ਗਿਆ ਸੀ। ਕਰੀਬ 20 ਸਾਲ ਅਮਰੀਕਾ ਵਿੱਚ ਰਹਿਣ ਤੋਂ ਬਾਅਦ ਉਸ ਵਲੋਂ ਇਟਲੀ ਦੀ ਪੀਆਰ ਤੇਜਿੰਦਰ ਕੌਰ ਨਾਲ ਵਿਆਹ ਕਰਵਾ ਲਿਆ ਗਿਆ। ਪਰ ਪੰਜਾਬ ਘਰ ਵਿੱਚ ਬਜ਼ੁਰਗ ਮਾਂ ਬਾਪ ਦੀ ਕੋਈ ਦੇਖਭਾਲ ਨਾ ਹੋਣ ਕਾਰਨ ਦੋਵੇਂ ਪਤੀ ਪਤਨੀ ਨਿਰਾਸ਼ ਰਹਿਣ ਲੱਗੇ। ਅੰਤ ਉਹਨਾਂ ਵਲੋਂ ਪੰਜਾਬ ਬਜ਼ੁੁਰਗ ਮਾਪਿਆਂ ਕੋਲ ਆਉਣ ਦਾ ਫ਼ੈਸਲਾ ਕਰ ਲਿਆ ਗਿਆ।
2007 ਤੋਂ ਲੈ ਕੇ ਦੋਵੇਂ ਪਤੀ ਪਤਨੀ ਆਪਣੀ ਵਿਦੇਸ਼ਾਂ ਦੀ ਐਸ਼ੋ ਆਰਾਮ ਛੱਡ ਕੇ ਆਪਣੇ ਮਾਪਿਆਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਸੁਖਦੀਪ ਸਿੰਘ ਪੰਜਾਬ ਮੁੜ ਖੇਤੀ ਕਰਨ ਲੱਗਿਆ ਹੈ। ਉਸ ਵਲੋਂ ਰਵਾਇਤੀ ਖੇਤੀ ਤੋਂ ਹਟ ਕੇ ਆਰਗੈਨਿਕ ਖੇਤੀ ਵੱਲ ਵੀ ਕਦਮ ਵਧਾਏ ਗਏ ਸਨ। ਜਦਕਿ ਉਸਦੀ ਪਤਨੀ ਤੇਜਿੰਦਰ ਕੌਰ ਨੈਚਰੋਪੈਥੀ ਦੀ ਵਧੀਆ ਡਾਕਟਰ ਹੈ। ਉਹਨਾਂ ਗੱਲਬਾਤ ਦੌਰਾਨ ਦੱਸਿਆ ਕਿ ਵਿਦੇਸ਼ਾਂ ਨੂੰ ਛੱਡਣਾ ਔਖਾ ਹੈ, ਪਰ ਮਾਪਿਆਂ ਨੂੰ ਇਕੱਲੇ ਨਹੀਂ ਛੱਡ ਸਕਦੇ ਸੀ। ਪੈਸਾ ਤਾਂ ਵਿਅਕਤੀ ਕਿਸੇ ਵੀ ਸਮੇਂ ਕਮਾ ਸਕਦਾ ਹੈ, ਪਰ ਮਾਂ ਬਾਪ ਚਲੇ ਜਾਣ ਤਾਂ ਉਹ ਨਹੀਂ ਮਿਲਦੇ।
ਉਹਨਾਂ ਦੱਸਿਆ ਕਿ ਵਿਦੇਸ਼ ਤੋਂ ਪਰਤਣ ਤੋਂ ਪਹਿਲਾਂ ਉਹਨਾਂ ਦੇ ਮਾਪਿਆਂ ਨੂੰ ਕਈ ਪ੍ਰਕਾਰ ਦੀਆਂ ਭਿਆਨਕ ਬੀਮਾਰੀਆਂ ਨੇ ਘੇਰਿਆ ਹੋਇਆ ਸੀ, ਪਰ ਪੰਜਾਬ ਆਉਣ ’ਤੇ ਉਹਨਾਂ ਆਪਣੇ ਮਾਪਿਆਂ ਦਾ ਖਾਣ ਪੀਣ ਬਦਲ ਕੇ ਹੀ ਉਹਨਾਂ ਦਾ ਇਲਾਜ ਕਰ ਦਿੱਤਾ ਹੈ ਅਤੇ ਉਹ ਹੁਣ ਕੋਈ ਮੈਡੀਕਲ ਦਵਾਈ ਨਹੀਂ ਲੈਂਦੇ। ਉਹਨਾਂ ਦੱਸਿਆ ਕਿ ਪੰਜਾਬ ਰਹਿਣ ਦਾ ਕਾਰਨ ਉਹਨਾਂ ਦੇ ਬੱਚੇ ਨੂੰ ਆਪਣੇ ਸੱਭਿਆਚਾਰ, ਇਤਿਹਾਸ ਨਾਲ ਜੋੜ ਕੇ ਰੱਖਣਾ ਵੀ ਹੈ। ਹੁਣ ਉਹਨਾਂ ਦਾ ਬੱਚਾ ਗਿਆਰਾਂ ਸਾਲ ਦਾ ਹੈ, ਜੋ ਇਸ ਧਰਤੀ ਨਾਲ ਜੁੜ ਚੁੱਕਿਆ ਹੈ। ਉਹਨਾਂ ਕਿਹਾ ਕਿ ਭਾਵੇਂ ਵਿਦੇਸ਼ ਛੱਡਣ ਕਾਰਨ ਲੋਕ ਉਹਨਾਂ ਨੂੰ ਮਖੌਲ ਕਰਦੇ ਹਨ, ਪਰ ਉਹ ਆਪਣੇ ਮਾਪਿਆਂ ਦੀ ਸੇਵਾ ਲਈ ਵਿਦੇਸ਼ ਛੱਡ ਕੇ ਆਏ ਹਨ। ਇਸਦਾ ਉਹਨਾਂ ਨੂੰ ਕੋਈ ਦੁੱਖ ਨਹੀਂ ਹੈ।
ਆਪਣੇ ਪੁੱਤਰ ਅਤੇ ਨੂੰਹ ਵਲੋਂ ਵਿਦੇਸ਼ ਛੱਡ ਕੇ ਪੰਜਾਬ ਰਹਿਣ ’ਤੇ ਖੁਸ਼ੀ ਜਾਹਰ ਕਰਦਿਆਂ ਸੁਖਦੀਪ ਸਿੰਘ ਦੇ ਪਿਤਾ ਪਿਆਰਾ ਸਿੰਘ ਨੇ ਦੱਸਿਆ ਕਿ ਉਹ ਵੀ ਵਿਦੇਸ਼ ਗਿਆ ਸੀ, ਪਰ ਉਹਨਾਂ ਦਾ ਜੀਅ ਵਿਦੇਸ਼ ਦੀ ਧਰਤੀ ’ਤੇ ਨਹੀਂ ਲੱਗਿਆ। ਜਿਸ ਕਰਕੇ ਪੰਜਾਬ ਮੁੜ ਆਇਆ। ਹੁਣ ਉਸਦਾ ਪੁੱਤ ਅਤੇ ਨੂੰਹ ਉਹਨਾਂ ਦੀ ਖੂਬ ਸੇਵਾ ਕਰਦੇ ਹਨ।