ਖੇਡ ਮੰਤਰੀ ਵੱਲੋਂ ਕੌਮਾਂਤਰੀ ਅਥਲੀਟ ਈਸ਼ਰ ਸਿੰਘ ਦਿਉਲ ਦੇ ਅਕਾਲੇ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 7 ਮਾਰਚ 2021 – ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਧਿਆਨ ਚੰਦ ਕੌਮੀ ਖੇਡ ਸਨਮਾਨ ਨਾਲ ਨਿਵਾਜੇ ਗਏ ਕੌਮਾਂਤਰੀ ਅਥਲੀਟ ਸ੍ਰੀ ਈਸ਼ਰ ਸਿੰਘ ਦਿਉਲ (91) ਦੇ ਅਕਾਲ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੀਤੀ ਦੇਰ ਸ਼ਾਮ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸ੍ਰੀ ਦਿਉਲ ਦਾ ਸਸਕਾਰ ਅੱਜ ਜਲੰਧਰ ਵਿਖੇ ਕੀਤਾ ਗਿਆ।

ਰਾਣਾ ਸੋਢੀ ਨੇ ਪਰਿਵਾਰ ਅਤੇ ਸਕੇ-ਸਬੰਧੀਆਂ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਉਨ੍ਹਾਂ ਕਿਹਾ ਕਿ ਸੰਨ 1951 ਤੋਂ ਖੇਡ ਪਿੜ ਵਿੱਚ ਆਪਣੀ ਖੇਡ ਵਿਖਾਉਂਦਿਆਂ ਦੇਸ਼ ਅਤੇ ਸੂਬੇ ਲਈ ਕਈ ਤਮਗ਼ੇ ਜਿੱਤਣ ਵਾਲੇ ਸ੍ਰੀ ਦਿਉਲ ਨੂੰ ਸੰਨ 2009 ਵਿੱਚ ਉਮਰ ਭਰ ਖੇਡਾਂ ਲਈ ਯੋਗਦਾਨ ਪਾਉਣ ਵਾਸਤੇ ਧਿਆਨ ਚੰਦ ਕੌਮੀ ਐਵਾਰਡ ਨਾਲ ਨਿਵਾਜਿਆ ਗਿਆ। ਲਗਾਤਾਰ 30 ਸਾਲ ਪੰਜਾਬ ਅਥਲੈਟਿਲਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਕਈ ਵਰ੍ਹੇ ਐਥਲੈਟਿਕਲ ਫ਼ੈਡਰੇਸ਼ਨ ਆਫ਼ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਤੇ ਚੋਣ ਕਮੇਟੀ ਦੇ ਮੈਂਬਰ ਰਹਿਣ ਵਾਲੇ, ਖਿਡਾਰੀਆਂ ਲਈ ਚਾਨਣ ਮੁਨਾਰੇ ਸ੍ਰੀ ਦਿਉਲ ਦੇ ਤੁਰ ਜਾਣ ਨਾਲ ਖੇਡ ਜਗਤ ਵਿੱਚ ਵੱਡਾ ਖਲਾਅ ਪੈਦਾ ਹੋ ਗਿਆ ਹੈ।

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੰਗੂਵਾਲ 7 ਸਤੰਬਰ, 1929 ਨੂੰ ਜਨਮੇ ਸ੍ਰੀ ਦਿਉਲ ਨੇ ਐਨ.ਏ.ਸੀ. ਹਾਈ ਸਕੂਲ, ਮਿੰਟਗੁਮਰੀ, ਪਾਕਿਸਤਾਨ ਤੋਂ 10ਵੀਂ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਗਰੈਜੁਏਸ਼ਨ ਕੀਤੀ। ਐਨ.ਆਈ.ਐਸ. ਪਟਿਆਲਾ ਤੋਂ ਅਥਲੈਟਿਕਸ ਕੋਚਿੰਗ ਸਰਟੀਫ਼ਿਕੇਟ ਲਿਆ। ਉਨ੍ਹਾਂ ਥੋੜਾ ਚਿਰ ਪੈਪਸੂ ਪੁਲਿਸ ਵਿੱਚ ਬਤੌਰ ਏ.ਐਸ.ਆਈ. ਸੇਵਾ ਕੀਤੀ ਅਤੇ ਫਿਰ ਸਟੇਟ ਸਪੋਰਟਸ ਕਾਲਜ ਜਲੰਧਰ ਚਲੇ ਗਏ, ਜਿਥੋਂ ਉਹ 1987 ਵਿੱਚ ਪ੍ਰਿੰਸੀਪਲ (ਕਾਰਜਕਾਰੀ) ਸੇਵਾ ਮੁਕਤ ਹੋਏ।

ਸ੍ਰੀ ਦਿਉਲ ਨੇ ਪਹਿਲੀਆਂ ਤਿੰਨ ਏਸ਼ੀਆਈ ਖੇਡਾਂ ਵਿੱਚ ਹਿੱਸਾ ਲਿਆ ਅਤੇ ਫ਼ਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ 1954 ਦੌਰਾਨ ਹੋਈਆਂ ਦੂਜੀਆਂ ਏਸ਼ੀਆਈ ਖੇਡਾਂ ਚ ਕਾਂਸੀ ਦਾ ਤਮਗ਼ਾ ਜਿੱਤਿਆ। 1957ਚ ਮਿੰਟਗੁਮਰੀ, ਪਾਕਿਸਤਾਨ ਵਿੱਚ ਹੋਈ ਕੌਮਾਂਤਰੀ ਅਥਲੈਟਿਕ ਮੀਟ ਵਿੱਚ ਉਨ੍ਹਾਂ ਨੇ 46 ਫ਼ੁਟ 11.2 ਇੰਚ ਗੋਲ਼ਾ ਸੁੱਟ ਕੇ ਏਸ਼ੀਆ ਦਾ ਨਵਾਂ ਰਿਕਾਰਡ ਕਾਇਮ ਕੀਤਾ। ਸ੍ਰੀ ਦਿਉਲ 1951 ਤੋਂ 1960 ਲਗਾਤਾਰ ਗੋਲ਼ਾ ਸੁੱਟਣ ਅਤੇ ਡਿਸਕਸ ਥਰੋਅ ਵਿੱਚ ਹਿੱਸਾ ਲੈਂਦੇ ਰਹੇ। ਉਹ ਪੰਜ ਸਾਲ ਲਗਾਤਾਰ ਆਲ ਇੰਡੀਆ ਪੁਲਿਸ ਮੀਟ ਵਿੱਚ 1952 ਤੋਂ 1957 ਤੱਕ ਸੋਨ ਤਮਗ਼ਾ ਫੁੰਡਦੇ ਰਹੇ। 1982 ਵਿੱਚ ਸਿੰਗਾਪੁਰ `ਚ ਪਹਿਲੀ ਏਸ਼ੀਅਨ ਵੈਟਰਨ ਅਥਲੈਟਿਕ ਮੀਟ ਦੌਰਾਨ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਉਹ ਦੇਸ਼-ਵਿਦੇਸ਼ਾਂ ਵਿੱਚ ਹੋਏ ਵੱਖ-ਵੱਖ ਵਕਾਰੀ ਖੇਡ ਟੂਰਨਾਂਮੈਂਟਾਂ ਦੌਰਾਨ ਅਹਿਮ ਭੂਮਿਕਾਵਾਂ ਨਿਭਾਈਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਦੀ ਵੱਲੋਂ ਨਾਭਾ ਜੇਲ੍ਹ ਅਧਿਕਾਰੀਆਂ ‘ਤੇ ਲਗਾਏ ਕੁੱਟਮਾਰ ਦੇ ਇਲਜ਼ਾਮ ਬੇਤੁਕੇ, ਗੁੰਮਰਾਹਕੁਨ ਅਤੇ ਬੇਬੁਨਿਆਦ – ਡਿਪਟੀ ਸੁਪਰਡੈਂਟ

ਸੁਖਪਾਲ ਖਹਿਰਾ ਦੇ ਘਰ ਈ ਡੀ ਵਲੋਂ ਛਾਪੇਮਾਰੀ