ਨਵੀਂ ਦਿੱਲੀ, 2 ਜੁਲਾਈ 2023 – ਦੋ ਵਾਰ ਦੀ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਭਾਰਤ ਵਿੱਚ ਹੋ ਰਹੇ ਵਨਡੇ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ। ਵੈਸਟਇੰਡੀਜ਼ ਟੀਮ ਨੂੰ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਸਕਾਟਲੈਂਡ ਨੇ 7 ਵਿਕਟਾਂ ਨਾਲ ਹਰਾ ਦਿੱਤਾ ਹੈ ਜਿਸ ਕਾਰਨ ਉਹ ਵਨਡੇ ਵਿਸ਼ਵ ਕੱਪ ‘ਚੋਂ ਬਾਹਰ ਹੋ ਗਈ ਹੈ।
ਟੂਰਨਾਮੈਂਟ ਦੇ 48 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਵੈਸਟਇੰਡੀਜ਼ ਦੀ ਟੀਮ ਵਿਸ਼ਵ ਕੱਪ ਦਾ ਹਿੱਸਾ ਨਹੀਂ ਬਣੇਗੀ। ਇਸ ਟੀਮ ਨੇ ਵਿਸ਼ਵ ਕੱਪ ਦੇ ਪਹਿਲੇ ਦੋ ਖਿਤਾਬਾਂ ਨੂੰ ਜਿੱਤਿਆ ਸੀ। ਵੈਸਟਇੰਡੀਜ਼ ਟੀਮ 1975 ਅਤੇ 1979 ਵਿੱਚ ਚੈਂਪੀਅਨ ਬਣੀ ਸੀ।
ਸ਼ਨੀਵਾਰ ਨੂੰ ਹਰਾਰੇ ਸਪੋਰਟਸ ਕਲੱਬ ‘ਚ ਖੇਡੇ ਗਏ ਮੈਚ ‘ਚ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 181 ਦੌੜਾਂ ਬਣਾਈਆਂ। ਸਕਾਟਲੈਂਡ ਨੇ 43.3 ਓਵਰਾਂ ‘ਚ 3 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ।
ਇਨ੍ਹੀਂ ਦਿਨੀਂ ਜ਼ਿੰਬਾਬਵੇ ‘ਚ ਵਿਸ਼ਵ ਕੱਪ ਕੁਆਲੀਫਾਇਰ ਦੇ ਸੁਪਰ-6 ਮੈਚ ਚੱਲ ਰਹੇ ਹਨ। ਫਿਲਹਾਲ ਸੁਪਰ-6 ਦੌਰ ਦੇ ਅੰਕ ਸੂਚੀ ‘ਚ ਸ਼੍ਰੀਲੰਕਾ ਅਤੇ ਜ਼ਿੰਬਾਬਵੇ 6-6 ਅੰਕਾਂ ਨਾਲ ਟਾਪ-2 ‘ਤੇ ਹਨ ਅਤੇ ਵੈਸਟਇੰਡੀਜ਼ ਦੇ ਕੋਲ 3 ਮੈਚਾਂ ਤੋਂ ਬਾਅਦ ਕੋਈ ਅੰਕ ਨਹੀਂ ਹੈ। ਟੀਮ ਦੇ 2 ਮੈਚ ਬਾਕੀ ਹਨ। ਅਜਿਹੇ ‘ਚ ਟੀਮ ਦੋਵੇਂ ਮੈਚ ਜਿੱਤ ਕੇ ਵੀ ਟਾਪ-2 ‘ਚ ਨਹੀਂ ਪਹੁੰਚ ਸਕੇਗੀ।
ਸਕਾਟਲੈਂਡ ਦੇ ਬ੍ਰੈਂਡਨ ਮੈਕਮੁਲਨ ਨੇ ਡਬਲ ਸਕੋਰ ਕੀਤਾ। ਉਸ ਨੇ ਪਹਿਲਾਂ ਵੈਸਟਇੰਡੀਜ਼ ਦੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕੀਤਾ। ਇਸ ਤੋਂ ਬਾਅਦ ਉਸ ਨੇ 69 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਮੈਕਮੁਲਨ ਨੂੰ ਉਸ ਦੇ ਦੋਹਰੇ ਪ੍ਰਦਰਸ਼ਨ ਲਈ ਮੈਨ ਆਫ ਦਾ ਮੈਚ ਚੁਣਿਆ ਗਿਆ।