ਦੇਹਰਾਦੂਨ (ਉਤਰਾਖੰਡ), 25 ਜੂਨ, 2021 – 28 ਗੋਲਡ ਮੈਡਲ ਜਿੱਤਣ ਵਾਲੀ ਪੈਰਾ-ਸ਼ੂਟਰ ਦਿਲਰਾਜ ਕੌਰ ਬਿਸਕੁਟ ਅਤੇ ਚਿਪਸ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ।
34 ਸਾਲਾ ਦਿਲਰਾਜ ਆਪਣੀ ਮਾਂ ਦੇ ਨਾਲ ਦੇਹਰਾਦੂਨ ਦੇ ਗਾਂਧੀ ਪਾਰਕ ਨੇੜੇ ਇਕ ਸੜਕ ਕਿਨਾਰੇ ਇੱਕ ਸਟਾਲ ਲਗਾ ਕੇ ਬਿਸਕੁਟ ਅਤੇ ਚਿਪਸ ਵੇਚ ਰਹੀ ਹੈ ਤਾਂ ਜੋ ਆਪਣਾ ਗੁਜ਼ਾਰਾ ਕਰ ਸਕੇ। ਦਿਲਰਾਜ ਕੌਰ ਨੇ ਪੈਰਾ ਸ਼ੂਟਿੰਗ ਦੀ 2004 ਵਿੱਚ ਸ਼ੁਰੂਆਤ ਕੀਤੀ ਸੀ ਅਤੇ ਆਪਣੇ 17 ਸਾਲਾਂ ਦੇ ਖੇਡ ਕਰੀਅਰ ਦੌਰਾਨ ਹੁਣ ਤੱਕ ਕੌਮੀ ਪੱਧਰ ’ਤੇ 28 ਸੋਨੇ, 8 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ ਹਨ ਅਤੇ ਕੁਝ ਅੰਤਰਰਾਸ਼ਟਰੀ ਮੈਚ ਵੀ ਖੇਡੇ ਹਨ। ਉਨ੍ਹਾਂ 2007 ’ਚ ਤਾਇਵਾਨ ਦੀਆਂ ਅਤੇ 2015 ’ਚ ਬੈਂਗਲੁਰੂ ’ਚ ਹੋਈਆਂ ਵਰਲਡ ਗੇਮਜ਼ ਵਿੱਚ ਵੀ ਹਿੱਸਾ ਲਿਆ ਸੀ।
ਦਿਲਰਾਜ ਕੌਰ ਨੇ 2005 ਵਿਚ ਖੇਡਾਂ ਵਿਚ ਸ਼ੁਰੂਆਤ ਕਰਦਿਆਂ 15 ਸਾਲਾਂ ਵਿਚ ਪਹਿਲੀ ਅੰਤਰਰਾਸ਼ਟਰੀ ਪੱਧਰ ਦੀ ਪੈਰਾ ਸ਼ੂਟਰ ਵਜੋਂ ਮਾਨਤਾ ਪ੍ਰਾਪਤ ਕੀਤੀ ਸੀ।
ਦਿਲਰਾਜ ਕੌਰ ਨੇ ਦੱਸਿਆ, ‘ਉਹ ਹੁਣ ਤੱਕ ਆਪਣੇ ਪਿਤਾ, ਭਰਾ ਤੇ ਆਪਣਾ ਕਰੀਅਰ ਸਭ ਕੁਝ ਗੁਆ ਚੁੱਕੀ ਹੈ। ਸਾਲ 2019 ’ਚ ਪਹਿਲਾਂ ਦਿਲਰਾਜ ਕੌਰ ਦੇ ਪਿਤਾ ਤੇ ਫਿਰ ਉਸ ਪਿੱਛੋਂ ਭਰਾ ਦਾ ਦੇਹਾਂਤ ਹੋ ਗਿਆ ਸੀ। ਦਿਲਰਾਜ ਕੌਰ ਦੇ ਭਰਾ ਤੇ ਪਿਤਾ ਦੇ ਇਲਾਜ ਕਰਵਾਉਣ ਸਮੇਂ ਉਨ੍ਹਾਂ ਦਾ ਘਰ ਵੀ ਵਿਕ ਗਿਆ ਸੀ। ਹੁਣ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ।