ਨਵੀਂ ਦਿੱਲੀ, 19 ਸਤੰਬਰ 2024 – ਅਫਗਾਨਿਸਤਾਨ ਨੇ ਦੱਖਣੀ ਅਫਰੀਕਾ ਨੂੰ ਪਹਿਲੀ ਵਾਰ ਕਿਸੇ ਵੀ ਫਾਰਮੈਟ ‘ਚ ਹਰਾ ਕੇ ਇਤਿਹਾਸ ਰਚਿਆ ਹੈ। ਸ਼ਾਰਜਾਹ ਮੈਦਾਨ ‘ਤੇ ਬੁੱਧਵਾਰ ਨੂੰ ਪਹਿਲੇ ਵਨਡੇ ‘ਚ ਟੀਮ ਨੇ ਦੱਖਣੀ ਅਫਰੀਕਾ ਨੂੰ 106 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਫਿਰ 26 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਅਫਗਾਨਿਸਤਾਨ ਵੱਲੋਂ ਤੇਜ਼ ਗੇਂਦਬਾਜ਼ ਫਜ਼ਲਹਕ ਫਾਰੂਕੀ ਨੇ 4 ਵਿਕਟਾਂ, ਅੱਲ੍ਹਾ ਗਜ਼ਨਫਰ ਨੇ 3 ਵਿਕਟਾਂ ਅਤੇ ਰਾਸ਼ਿਦ ਖਾਨ ਨੇ 2 ਵਿਕਟਾਂ ਲਈਆਂ। ਬੱਲੇਬਾਜ਼ੀ ਵਿੱਚ ਗੁਲਬਦੀਨ ਨਾਇਬ ਨੇ 34 ਦੌੜਾਂ ਅਤੇ ਅਜ਼ਮਤੁੱਲਾ ਉਮਰਜ਼ਈ ਨੇ 25 ਦੌੜਾਂ ਬਣਾਈਆਂ ਜਿਸ ਨਾਲ ਟੀਮ ਆਸਾਨੀ ਨਾਲ ਜਿੱਤ ਗਈ। ਇਸ ਨਾਲ ਅਫਗਾਨਿਸਤਾਨ ਨੇ 3 ਵਨਡੇ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਅਫਗਾਨਿਸਤਾਨ ਨੇ ਤਿੰਨਾਂ ਫਾਰਮੈਟਾਂ ਵਿੱਚ ਪਹਿਲੀ ਵਾਰ ਦੱਖਣੀ ਅਫਰੀਕਾ ਨੂੰ ਹਰਾਇਆ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ 3 ਟੀ-20 ਅਤੇ 2 ਵਨਡੇ ਖੇਡੇ ਗਏ ਸਨ। ਦੱਖਣੀ ਅਫਰੀਕਾ ਨੇ ਸਾਰੇ ਜਿੱਤੇ ਸਨ। ਅਫਗਾਨਿਸਤਾਨ ਨੇ ਹੁਣ ਇਤਿਹਾਸ ਬਦਲਿਆ ਅਤੇ ਦੱਖਣੀ ਅਫਰੀਕਾ ਨੂੰ ਹਰਾਇਆ ਹੈ।
ਦੋਵੇਂ ਟੀਮਾਂ ਆਖਰੀ ਵਾਰ ਇਸ ਸਾਲ 26 ਜੂਨ ਨੂੰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਆਹਮੋ-ਸਾਹਮਣੇ ਹੋਈਆਂ ਸਨ। ਉਦੋਂ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ 56 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਸੀ। ਦੱਖਣੀ ਅਫਰੀਕਾ ਨੇ ਮੈਚ ਸਿਰਫ 9 ਓਵਰਾਂ ਵਿਚ ਜਿੱਤ ਲਿਆ ਸੀ। ਅਫਗਾਨਿਸਤਾਨ ਨੇ ਹੁਣ ਹਿਸਾਬ ਬਰਾਬਰ ਕਰ ਲਿਆ ਅਤੇ ਵਨਡੇ ‘ਚ ਦੱਖਣੀ ਅਫਰੀਕਾ ਨੂੰ 106 ਦੌੜਾਂ ‘ਤੇ ਆਊਟ ਕਰ ਦਿੱਤਾ। ਫਿਰ ਸਿਰਫ 26 ਓਵਰਾਂ ‘ਚ ਹੀ ਮੈਚ ਜਿੱਤ ਲਿਆ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਦੱਖਣੀ ਅਫਰੀਕਾ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਟੀਮ ਨੇ 36 ਦੌੜਾਂ ਦੇ ਸਕੋਰ ‘ਤੇ 7 ਵਿਕਟਾਂ ਗੁਆ ਦਿੱਤੀਆਂ ਸਨ। ਟੋਨੀ ਡੀਜਾਰਜ ਸਿਰਫ਼ 11, ਕਾਇਲ ਵੇਰਿਅਨ 10 ਅਤੇ ਰੀਜ਼ਾ ਹੈਂਡਰਿਕਸ ਸਿਰਫ਼ 9 ਦੌੜਾਂ ਹੀ ਬਣਾ ਸਕੇ। 3 ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ, ਜਦਕਿ ਕਪਤਾਨ ਏਡਨ ਮਾਰਕਰਮ ਸਿਰਫ 2 ਦੌੜਾਂ ਹੀ ਬਣਾ ਸਕੇ।
ਇਸ ਤੋਂ ਬਾਅਦ ਵੇਨ ਮੁਲਡਰ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ ਅਤੇ ਟੀਮ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਉਸ ਦੇ ਨਾਲ ਬੌਰਨ ਫਾਰਚਿਊਨ ਨੇ 16 ਦੌੜਾਂ ਬਣਾਈਆਂ। ਨੰਦਰੇ ਬਰਗਰ ਨੇ ਇਕ ਦੌੜ ਬਣਾਈ, ਜਦੋਂ ਕਿ ਲੁੰਗੀ ਐਨਗਿਡੀ ਖਾਤਾ ਵੀ ਨਹੀਂ ਖੋਲ੍ਹ ਸਕਿਆ। ਟੀਮ 33.3 ਓਵਰਾਂ ਵਿੱਚ 106 ਦੌੜਾਂ ਹੀ ਬਣਾ ਸਕੀ।
ਅਫਗਾਨਿਸਤਾਨ ਵੱਲੋਂ ਤੇਜ਼ ਗੇਂਦਬਾਜ਼ ਫਜ਼ਲਹਕ ਫਾਰੂਕੀ ਨੇ 35 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਆਫ ਸਪਿਨਰ ਅੱਲ੍ਹਾ ਗਜ਼ਨਫਰ ਨੇ ਸਿਰਫ 20 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਜਦਕਿ ਰਾਸ਼ਿਦ ਖਾਨ ਨੇ 30 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇੱਕ ਬੱਲੇਬਾਜ ਰਨਆਊਟ ਵੀ ਹੋਇਆ।
107 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਦੀ ਸ਼ੁਰੂਆਤ ਵੀ ਖਰਾਬ ਰਹੀ, ਅਫਗਾਨਿਸਤਾਨ ਨੇ 35 ਦੌੜਾਂ ‘ਤੇ 3 ਵਿਕਟਾਂ ਗੁਆ ਦਿੱਤੀਆਂ। ਰਿਆਜ਼ ਹਸਨ ਅਤੇ ਰਹਿਮਤ ਸ਼ਾਹ 8 ਦੌੜਾਂ ਹੀ ਬਣਾ ਸਕੇ, ਰਹਿਮਾਨਉੱਲ੍ਹਾ ਗੁਰਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ। ਟੀਮ ਦਾ ਸਕੋਰ ਅਜੇ 50 ਦੌੜਾਂ ਦੇ ਪਾਰ ਹੀ ਸੀ ਜਦੋਂ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਵੀ 16 ਦੌੜਾਂ ਬਣਾ ਕੇ ਆਊਟ ਹੋ ਗਿਆ।
60 ਦੌੜਾਂ ਦੇ ਸਕੋਰ ‘ਤੇ 4 ਵਿਕਟਾਂ ਗੁਆਉਣ ਤੋਂ ਬਾਅਦ ਅਜ਼ਮਤੁੱਲਾ ਉਮਰਜ਼ਈ ਅਤੇ ਗੁਲਬਦੀਨ ਨਾਇਬ ਨੇ ਅਫਗਾਨਿਸਤਾਨ ਦੀ ਕਮਾਨ ਸੰਭਾਲੀ। ਦੋਵਾਂ ਨੇ ਟੀਮ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ ਅਤੇ 26 ਓਵਰਾਂ ‘ਚ ਜਿੱਤ ਦਰਜ ਕੀਤੀ। ਉਮਰਜ਼ਈ 25 ਦੌੜਾਂ ਬਣਾ ਕੇ ਨਾਟ ਆਊਟ ਰਹੇ ਅਤੇ ਨਾਇਬ 34 ਦੌੜਾਂ ਬਣਾ ਕੇ ਨਾਟ ਆਊਟ ਰਹੇ। ਦੱਖਣੀ ਅਫਰੀਕਾ ਵੱਲੋਂ ਬੋਰਨ ਫਾਰਚਿਊਨ ਨੇ 2 ਵਿਕਟਾਂ ਲਈਆਂ। ਜਦੋਂ ਕਿ ਏਡੇਨ ਮਾਰਕਰਮ ਅਤੇ ਲੁੰਗੀ ਐਨਗਿਡੀ ਨੂੰ 1-1 ਸਫਲਤਾ ਮਿਲੀ।
ਦੂਜਾ ਵਨਡੇ : 20 ਸਤੰਬਰ ਨੂੰ ਪਹਿਲੇ ਵਨਡੇ ‘ਚ ਜਿੱਤ ਦੇ ਨਾਲ ਹੀ ਅਫਗਾਨਿਸਤਾਨ ਨੇ 3 ਵਨਡੇ ਸੀਰੀਜ਼ ‘ਚ ਵੀ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਮੈਚ 20 ਸਤੰਬਰ ਨੂੰ ਸ਼ਾਰਜਾਹ ‘ਚ ਹੀ ਖੇਡਿਆ ਜਾਵੇਗਾ। ਫਿਰ ਤੀਜਾ ਮੈਚ 22 ਸਤੰਬਰ ਨੂੰ ਸ਼ਾਰਜਾਹ ਵਿੱਚ ਹੀ ਹੋਵੇਗਾ।