ਚੰਡੀਗੜ੍ਹ, 16 ਫ਼ਰਵਰੀ 2021 – ਭਾਰਤ ਲਈ ਉਲੰਪਿਕ ਤਮਗ਼ਾ ਜਿੱਤਣ ਦੇ ਟੀਚੇ ਨੂੰ ਸਰ ਕਰਨ ਲਈ ਫ਼ੌਜ ਦੀ ਬੁਆਇਜ਼ ਸਪੋਰਟਸ ਕੰਪਨੀ, ਮਦਰਾਸ ਇੰਜੀਨੀਅਰ ਗਰੁੱਪ ਤੇ ਸੈਂਟਰ ਬੰਗਲੌਰ-42 ਵੱਲੋਂ 22 ਤੋਂ 25 ਫ਼ਰਵਰੀ, 2021 ਤੱਕ ਬੁਆਇਜ਼ ਸਪੋਰਟਸ ਕੰਪਨੀ (ਐਮ.ਈ.ਜੀ. ਅਤੇ ਸੈਂਟਰ) ਵਿੱਚ ਦਾਖ਼ਲੇ ਲਈ ਉਮੀਦਵਾਰਾਂ ਦੀ ਚੋਣ ਕਰਨ ਹਿੱਤ ਆਲ ਇੰਡੀਆ ਓਪਨ ਚੋਣ ਰੈਲੀ ਕਰਵਾਈ ਜਾ ਰਹੀ ਹੈ।
ਸਰਕਾਰੀ ਬੁਲਾਰੇ ਮੁਤਾਬਕ ਹਾਕੀ, ਬਾਕਸਿੰਗ, ਤੈਰਾਕੀ ਅਤੇ ਸੇਲਿੰਗ ਖੇਡ ਵੰਨਗੀਆਂ ਲਈ ਟ੍ਰਾਇਲ ਕੇ.ਵੀ. ਗਰਾਊਂਡ, ਐਮ.ਈ.ਜੀ. ਤੇ ਸੈਂਟਰ, ਬੰਗਲੌਰ-42 ਵਿਖੇ ਕਰਵਾਏ ਜਾਣਗੇ। ਉਮੀਦਵਾਰਾਂ ਦੀ ਉਮਰ ਹੱਦ 21 ਫ਼ਰਵਰੀ 2021 ਨੂੰ 8 ਤੋਂ 14 ਸਾਲ ਦਰਮਿਆਨ ਹੋਣੀ ਲਾਜ਼ਮੀ ਹੈ ਅਤੇ ਘੱਟੋ-ਘੱਟ ਚੌਥੀ ਜਮਾਤ ਪਾਸ ਹੋਣ ਦੇ ਨਾਲ ਨਾਲ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਦੀ ਲੋੜੀਂਦੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 8 ਸਾਲ ਦੇ ਖਿਡਾਰੀ ਦੀ ਲੰਬਾਈ 134 ਸੈਂਟੀਮੀਟਰ ਤੇ ਭਾਰ 29 ਕਿਲੋ ਹੋਣਾ ਚਾਹੀਦਾ ਹੈ ਜਦਕਿ 9 ਸਾਲ ਦੇ ਖਿਡਾਰੀ ਦੀ ਲੰਬਾਈ 139 ਸੈ.ਮੀ. ਅਤੇ ਭਾਰ 31 ਕਿਲੋ, 10 ਸਾਲ ਲਈ ਲੰਬਾਈ 143 ਸੈ.ਮੀ. ਅਤੇ ਭਾਰ 34 ਕਿਲੋ, 11 ਸਾਲ ਲਈ ਲੰਬਾਈ 150 ਸੈ.ਮੀ. ਅਤੇ ਭਾਰ 37 ਕਿਲੋ, 12 ਸਾਲ ਲਈ ਲੰਬਾਈ 153 ਸੈ.ਮੀ. ਅਤੇ ਭਾਰ 40 ਕਿਲੋ, 13 ਸਾਲ ਲਈ ਲੰਬਾਈ 155 ਸੈ.ਮੀ. ਅਤੇ ਭਾਰ 42 ਕਿਲੋ ਅਤੇ 14 ਸਾਲ ਦੇ ਖਿਡਾਰੀ ਲਈ ਲੰਬਾਈ 160 ਸੈ.ਮੀ. ਭਾਰ 47 ਕਿਲੋ ਹੋਣਾ ਚਾਹੀਦਾ ਹੈ। ਉਮੀਦਵਾਰ ਨੂੰ ਹੁਨਰ ਟੈਸਟ ਅਤੇ ਐੱਸ.ਐੱਮ.ਸੀ. ਪਾਸ ਕਰਨ ਤੋਂ ਬਾਅਦ ਆਈ.ਕਿਯੂ. ਟੈਸਟ ਦੇਣਾ ਪਵੇਗਾ।
ਉਨ੍ਹਾਂ ਕਿਹਾ ਕਿ ਚੋਣ ਟ੍ਰਾਇਲਾਂ ਸਮੇਂ ਉਮੀਦਵਾਰਾਂ ਕੋਲ ਜਨਮ ਸਰਟੀਫ਼ਿਕੇਟ, ਜਾਤੀ ਸਰਟੀਫ਼ਿਕੇਟ, ਵਿੱਦਿਅਕ ਯੋਗਤਾ ਸਰਟੀਫ਼ਿਕੇਟ, ਚਰਿੱਤਰ ਸਰਟੀਫ਼ਿਕੇਟ, ਰਿਹਾਇਸੀ/ਨਿਵਾਸ ਪ੍ਰਮਾਣ ਪੱਤਰ, ਜੇ ਹੋਵੇ ਤਾਂ ਜ਼ਿਲ੍ਹਾ ਅਤੇ ਇਸ ਤੋਂ ਉਪਰਲੇ ਪੱਧਰ ਦੀਆਂ ਖੇਡਾਂ ਵਿੱਚ ਭਾਗ ਲੈਣ ਸਬੰਧੀ ਸਰਟੀਫ਼ਿਕੇਟ ਦੀ ਅਸਲ ਕਾਪੀ ਅਤੇ ਆਧਾਰ ਕਾਰਡ ਸਣੇ ਛੇ ਰੰਗਦਾਰ ਫ਼ੋਟੋਆਂ (ਇਕ ਦਾਦਾ-ਦਾਦੀ ਨਾਲ ਅਤੇ ਇਕ ਮਾਤਾ-ਪਿਤਾ ਨਾਲ ਸਾਂਝੀ) ਹੋਣੀਆਂ ਚਾਹੀਦੀਆਂ ਹਨ।
ਬੁਲਾਰੇ ਨੇ ਕਿਹਾ ਕਿ ਕਿਸੇ ਉਮੀਦਵਾਰ ਦੇ ਸਰੀਰ ਦੇ ਕਿਸੇ ਹਿੱਸੇ ‘ਤੇ ਸਥਾਈ ਟੈਟੂ ਬਣਿਆ ਹੋਣ ਦੀ ਸੂਰਤ ਵਿੱਚ ਅਜਿਹੇ ਉਮੀਦਵਾਰਾਂ ਨੂੰ ਦਾਖ਼ਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਛੁੱਕ ਉਮੀਦਵਾਰ 22 ਫ਼ਰਵਰੀ, 2021 ਨੂੰ ਸਵੇਰੇ 9:00 ਵਜੇ ਕੇ.ਵੀ. ਗਰਾਊਂਡ ਵਿਖੇ ਪ੍ਰੀਜ਼ਾਈਡਿੰਗ ਅਫ਼ਸਰ, ਚੋਣ ਟ੍ਰਾਇਲ ਨੂੰ ਰਿਪੋਰਟ ਕਰਨ ਅਤੇ ਵਧੇਰੇ ਜਾਣਕਾਰੀ ਲਈ ਕਮਾਂਡਿੰਗ ਅਫ਼ਸਰ ਨਾਲ 080-25573987’ ਤੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਮੈਡੀਕਲ ਫ਼ਿਟਨੈੱਸ ਦੀ ਜਾਂਚ ਐਮ.ਈ.ਜੀ. ਤੇ ਸੈਂਟਰ ਦੇ ਮੈਡੀਕਲ ਅਧਿਕਾਰੀ ਅਤੇ ਏ.ਐਮ.ਸੀ. ਦੇ ਮਾਹਰ ਵੱਲੋਂ ਕੀਤੀ ਜਾਵੇਗੀ। ਇਹ ਚੋਣ ਆਰਮੀ ਹੈੱਡਕੁਆਰਟਰਜ਼/ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਮਨਜ਼ੂਰ ਕੀਤੇ ਜਾਣ ਤੱਕ ਆਰਜ਼ੀ ਰਹੇਗੀ। ਉਨ੍ਹਾਂ ਕਿਹਾ ਕਿ ਬੁਆਇਜ਼ ਸਪੋਰਟਸ ਕੰਪਨੀ ‘ਚ ਨਿਰਧਾਰਤ ਖੇਡ ‘ਚ ਚੁਣੇ ਉਮੀਦਵਾਰਾਂ ਨੂੰ ਉਸੇ ਖੇਡ ਦੀ ਅਗਾਂਹ ਸਿਖਲਾਈ ਲਈ ਕਿਸੇ ਹੋਰ ਬੁਆਇਜ਼ ਸਪੋਰਟਸ ਕੰਪਨੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।
ਬੁਲਾਰੇ ਨੇ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਬੁਆਇਜ਼ ਸਪੋਰਟਸ ਕੰਪਨੀ (ਐਮ.ਈ.ਜੀ. ਐਂਡ ਸੈਂਟਰ) ਵਿੱਚ 7ਵੀਂ ਤੋਂ 10ਵੀਂ ਜਮਾਤ ਤੱਕ ਵਿਦਿਅਕ ਸਿਖਲਾਈ ਅੰਗਰੇਜ਼ੀ ਮਾਧਿਅਮ ਵਿੱਚ ਮੁਫ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਪੋਰਟਸ ਅਥਾਰਟੀ ਆਫ਼ ਇੰਡੀਆ/ਆਰਮੀ ਦੇ ਕੋਚਾਂ ਵੱਲੋਂ ਬਾਕਸਿੰਗ, ਹਾਕੀ, ਤੈਰਾਕੀ ਅਤੇ ਸੇਲਿੰਗ ਦੀ ਕੋਚਿੰਗ ਵੀ ਦਿੱਤੀ ਜਾਵੇਗੀ। 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਉਮੀਦਵਾਰਾਂ ਨੂੰ ਆਰਮੀ ਵਿੱਚ ਦਾਖ਼ਲੇ ਲਈ ਨਿਰਧਾਰਤ ਚੋਣ ਪ੍ਰਕਿਰਿਆ ਵਿੱਚੋਂ ਲੰਘਣਾ ਹੋਵੇਗਾ। 10ਵੀਂ ਜਮਾਤ ਪਾਸ ਕਰਨ ਅਤੇ 17 ਸਾਲ ਤੇ 6 ਮਹੀਨੇ ਦੀ ਉਮਰ ਹੋਣ ਉਪਰੰਤ ਖੇਡ ਕੈਡਿਟਾਂ ਲਈ ਆਰਮੀ ਵਿੱਚ ਭਰਤੀ ਲਈ ਚੋਣ ਪ੍ਰਕਿਰਿਆ ਵਿੱਚੋਂ ਲੰਘਣਾ ਅਤੇ ਮਦਰਾਸ ਇੰਜੀਨੀਅਰ ਗਰੁੱਪ ਵਿੱਚ ਦਾਖ਼ਲ ਹੋਣਾ ਲਾਜ਼ਮੀ ਹੈ। ਕਿਸੇ ਵੀ ਕਾਰਨ ਕਰਕੇ ਆਰਮੀ ਵਿੱਚ ਭਰਤੀ ਹੋਣ ਵਿੱਚ ਅਸਫ਼ਲ ਰਹਿਣ ਦੀ ਸਥਿਤੀ ਵਿੱਚ ਅਜਿਹੇ ਉਮੀਦਵਾਰਾਂ ਦੇ ਮਾਪੇ, ਬੱਚਿਆਂ ‘ਤੇ ਸਰਕਾਰ ਵੱਲੋਂ ਕੀਤੇ ਖ਼ਰਚ ਦੀ ਅਦਾਇਗੀ ਲਈ ਪਾਬੰਦ ਹੋਣਗੇ।