- ਅਮਰੀਕਾ 2026 ਦਾ ਟੀ-20 ਵਿਸ਼ਵ ਕੱਪ ਵੀ ਖੇਡੇਗਾ
ਨਵੀਂ ਦਿੱਲੀ, 15 ਜੂਨ 2024 – ਟੀ-20 ਵਿਸ਼ਵ ਕੱਪ ਵਿੱਚ ਅਮਰੀਕਾ ਅਤੇ ਆਇਰਲੈਂਡ ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਅਜਿਹੇ ‘ਚ ਗਰੁੱਪ-ਏ ਤੋਂ ਮੇਜ਼ਬਾਨ ਅਮਰੀਕੀ ਟੀਮ ਨੇ ਸੁਪਰ-8 ਲਈ ਕੁਆਲੀਫਾਈ ਕਰ ਲਿਆ ਹੈ, ਜਦਕਿ 2009 ਦੀ ਚੈਂਪੀਅਨ ਪਾਕਿਸਤਾਨ ਲੀਗ ਦੌਰ ‘ਚੋਂ ਹੀ ਬਾਹਰ ਹੋ ਗਈ ਹੈ। ਸੁਪਰ-8 ‘ਚ ਜਗ੍ਹਾ ਬਣਾ ਕੇ ਅਮਰੀਕਾ ਨੇ ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ‘ਚ ਹੋਣ ਵਾਲੇ 2026 ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ।
ਇਹ ਮੈਚ ਸ਼ੁੱਕਰਵਾਰ ਰਾਤ 8 ਵਜੇ ਤੋਂ ਫਲੋਰੀਡਾ ਦੇ ਲਾਡਰਹਿਲ ‘ਚ ਖੇਡਿਆ ਜਾਣਾ ਸੀ ਪਰ ਮੈਚ ਤੋਂ ਪਹਿਲਾਂ ਹੀ ਬਾਰਿਸ਼ ਸ਼ੁਰੂ ਹੋ ਗਈ। ਮੀਂਹ ਕੁਝ ਦੇਰ ਰੁਕਣ ਤੋਂ ਬਾਅਦ ਅੰਪਾਇਰਾਂ ਨੇ ਤਿੰਨ ਵਾਰ ਮੈਦਾਨ ਦਾ ਮੁਆਇਨਾ ਕੀਤਾ। ਅਖੀਰ ਆਊਟਫੀਲਡ ਗਿੱਲਾ ਹੋਣ ਕਾਰਨ ਮੈਚ ਰੱਦ ਕਰਨ ਦਾ ਫੈਸਲਾ ਕੀਤਾ ਗਿਆ।
ਅਮਰੀਕਾ ਨੂੰ ਇਸ ਮੈਚ ਤੋਂ ਇੱਕ ਅੰਕ ਮਿਲਿਆ ਅਤੇ ਟੀਮ ਦੇ ਕੁੱਲ 5 ਅੰਕ ਹੋ ਗਏ। ਇਸ ਨਾਲ ਟੀਮ ਨੇ ਸੁਪਰ-8 ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਕਿਉਂਕਿ ਹੁਣ ਪਾਕਿਸਤਾਨ ਅਗਲਾ ਮੈਚ ਜਿੱਤ ਕੇ ਵੀ ਸਿਰਫ਼ 4 ਅੰਕਾਂ ਤੱਕ ਹੀ ਪਹੁੰਚ ਸਕਦਾ ਹੈ।
ਮੇਜ਼ਬਾਨ ਅਮਰੀਕਾ ਟੂਰਨਾਮੈਂਟ ਦੇ ਸੁਪਰ-8 ‘ਚ ਪ੍ਰਵੇਸ਼ ਕਰਨ ਵਾਲੀ ਛੇਵੀਂ ਟੀਮ ਬਣ ਗਈ ਹੈ। ਟਾਪ-8 ‘ਚ ਪਹੁੰਚਣ ਵਾਲੀ ਗਰੁੱਪ-ਏ ਦੀ ਇਹ ਦੂਜੀ ਟੀਮ ਹੈ। ਹੁਣ ਸੁਪਰ-8 ਵਿੱਚ ਕੁੱਲ 2 ਥਾਵਾਂ ਖਾਲੀ ਹਨ। ਹੁਣ ਗਰੁੱਪ-ਬੀ ਅਤੇ ਗਰੁੱਪ-ਡੀ ਵਿੱਚੋਂ ਇੱਕ-ਇੱਕ ਟੀਮ ਸੁਪਰ-8 ਲਈ ਕੁਆਲੀਫਾਈ ਕਰੇਗੀ।
ਪਾਕਿਸਤਾਨ ਤੋਂ ਪਹਿਲਾਂ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਵੀ ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੀਆਂ ਹਨ। ਨਿਊਜ਼ੀਲੈਂਡ ਸ਼ੁੱਕਰਵਾਰ ਸਵੇਰੇ ਪਾਪੂਆ ਨਿਊ ਗਿਨੀ ‘ਤੇ ਅਫਗਾਨਿਸਤਾਨ ਦੀ ਜਿੱਤ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਉਥੇ ਹੀ ਸ਼੍ਰੀਲੰਕਾ ਸੁਪਰ-8 ਦੀ ਦੌੜ ‘ਚ ਪਛੜ ਗਿਆ ਹੈ।