ਐਡੀਲੇਡ, 19 ਦਸੰਬਰ 2020 – ਮੇਜ਼ਬਾਨ ਆਸਟ੍ਰੇਲੀਆ ਨੇ ਚਾਰ ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਮੁਕਾਬਲੇ ‘ਚ ਐਡੀਲੇਡ ਵਿਖੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ 1-0 ਦੀ ਲੀਡ ਹਾਸਲ ਕਰ ਲਈ। ਆਸਟ੍ਰੇਲੀਆ ਦੇ ਸਾਹਮਣੇ ਜਿੱਤ ਲਈ 90 ਦੌੜਾਂ ਦਾ ਟੀਚਾ ਸੀ। ਆਸਟ੍ਰੇਲੀਆਈ ਟੀਮ ਨੇ 2 ਵਿਕਟਾਂ ਦੇ ਨੁਕਸਾਨ ‘ਤੇ 93 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਆਪਣੀ ਦੂਜੀ ਪਾਰੀ ‘ਚ ਭਾਰਤੀ ਟੀਮ 9 ਵਿਕਟ ਗੁਆ ਕੇ ਮਹਿਜ਼ 36 ਦੌੜਾਂ ਹੀ ਬਣਾ ਸਕੀ ਅਤੇ ਉਸ ਨੇ ਆਸਟ੍ਰੇਲੀਆ ਨੂੰ ਜਿੱਤ ਲਈ 90 ਦੌੜਾਂ ਦਾ ਟੀਚਾ ਦਿੱਤਾ ਸੀ।
ਦੂਜੇ ਦਿਨ ਦਾ ਖੇਡ ਖ਼ਤਮ ਹੋਣ ‘ਤੇ ਟੀਮ ਇੰਡੀਆ, ਜਿਸ ਨੇ 62 ਦੌੜਾਂ ਦੀ ਬੜ੍ਹਤ ਬਣਾਈ ਹੋਈ ਸੀ, ਤੀਜੇ ਦਿਨ ਸਵੇਰੇ ਜਦੋਂ ਬੁਮਰਾਹ ਦੀ ਵਿਕਟ ਡਿੱਗੀ ਤਾਂ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਆਖ਼ਰੀ ਜ਼ਖ਼ਮੀ ਬੱਲੇਬਾਜ਼ ਮੁਹੰਮਦ ਸ਼ਮੀ ਦੇ ਰਿਟਾਇਰ ਆਊਟ ਹੋਣ ਤੱਕ ਟੀਮ ਇੰਡੀਆ ਦੂਜੀ ਪਾਰੀ ‘ਚ ਸਿਰਫ਼ 36 ਦੌੜਾਂ ‘ਤੇ ਢੇਰ ਹੋ ਗਈ। ਹਾਲਾਤ ਇੰਨੇ ਖ਼ਰਾਬ ਰਹੇ ਕਿ ਕੋਈ ਵੀ ਬੱਲੇਬਾਜ਼ ਦਹਾਈ ਦਾ ਅੰਕੜਾ ਛੂਹ ਨਹੀਂ ਸਕਿਆ।
ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ‘ਚ 244 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੇਜ਼ਬਾਨ ਆਸਟਰੇਲੀਆ 191 ਦੌੜਾਂ ‘ਤੇ ਢੇਰ ਹੋ ਗਈ ਸੀ।