ਉਦੈਪੁਰ, 22 ਦਸੰਬਰ 2024 – ਬੈਡਮਿੰਟਨ ਰਾਹੀਂ ਭਾਰਤ ਦਾ ਨਾਂ ਦੁਨੀਆ ਭਰ ‘ਚ ਰੌਸ਼ਨ ਕਰਨ ਵਾਲੀ ਪੀਵੀ ਸਿੰਧੂ ਦਾ ਵਿਆਹ ਵਿਸ਼ਵ ਪ੍ਰਸਿੱਧ ਲੇਕ ਸਿਟੀ ਉਦੈਪੁਰ ਵਿੱਚ ਸ਼ਾਹੀ ਅੰਦਾਜ਼ ਵਿੱਚ ਹੋਣ ਜਾ ਰਿਹਾ ਹੈ। ਪੀਵੀ ਸਿੰਧੂ ਐਤਵਾਰ ਨੂੰ ਉਦੈਪੁਰ ਦੇ ਹੋਟਲ ਰਾਫੇਲਸ ਵਿੱਚ ਆਈਟੀ ਕਾਰੋਬਾਰੀ ਵੈਂਕਟਦੱਤ ਸਾਈ ਨਾਲ ਵਿਆਹ ਬੰਧਨ ਵਿਚ ਬੱਝਣਗੇ। ਇਸ ਵਿਆਹ ਵਿੱਚ ਸਿਰਫ਼ ਚੁਣੇ ਹੋਏ ਲੋਕ ਹੀ ਸ਼ਾਮਲ ਹੋ ਰਹੇ ਹਨ। ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਗਿਣਤੀ 140 ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਵਿਆਹ ਉਦੈਸਾਗਰ ਝੀਲ ‘ਚ ਸਥਿਤ ਹੋਟਲ ਰਾਫੇਲਸ ‘ਚ ਹੋ ਰਿਹਾ ਹੈ। ਮਹਿਮਾਨਾਂ ਦੇ ਠਹਿਰਨ ਲਈ 100 ਕਮਰੇ ਬੁੱਕ ਕੀਤੇ ਗਏ ਹਨ।
ਬੈਡਮਿੰਟਨ ਸਟਾਰ ਪੀਵੀ ਸਿੰਧੂ ਦੇ ਵਿਆਹ ਲਈ ਸ਼ਨੀਵਾਰ ਨੂੰ ਹੋਟਲ ‘ਚ ਹੀ ਪ੍ਰੀ-ਵੈਡਿੰਗ ਸ਼ੂਟ ਕਰਵਾਇਆ ਗਿਆ। ਦੱਖਣੀ ਭਾਰਤੀ ਸੰਸਕ੍ਰਿਤੀ ਵਿੱਚ ਹੋਣ ਵਾਲੇ ਵਿਆਹ ਸਮਾਰੋਹ ਦੇ ਹਿੱਸੇ ਵਜੋਂ ਸ਼ਨੀਵਾਰ ਨੂੰ ਮਹਿੰਦੀ ਅਤੇ ਸੰਗੀਤ ਦੀਆਂ ਰਸਮਾਂ ਹੋਈਆਂ। ਇਸ ਵਿੱਚ ਸਿਰਫ਼ ਉਨ੍ਹਾਂ ਦੇ ਕਰੀਬੀ ਦੋਸਤਾਂ, ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਹੀ ਸ਼ਮੂਲੀਅਤ ਕੀਤੀ। ਕ੍ਰਿਕਟਰ ਸਚਿਨ ਤੇਂਦੁਲਕਰ, ਭਾਰਤ ਦੇ ਜੈਵਲਿਨ ਥਰੋਅ ਅਥਲੈਟਿਕਸ ਸਟਾਰ ਨੀਰਜ ਚੋਪੜਾ ਅਤੇ ਫਿਲਮ ਸਟਾਰ ਆਲੀਆ ਭੱਟ ਸਮੇਤ ਖੇਡ ਅਤੇ ਰਾਜਨੀਤਿਕ ਜਗਤ ਦੀਆਂ ਮਸ਼ਹੂਰ ਹਸਤੀਆਂ ਐਤਵਾਰ ਨੂੰ ਹੋਣ ਵਾਲੇ ਵਿਆਹ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਪੀਵੀ ਸਿੰਧੂ ਅਤੇ ਵੈਂਕਟਦੱਤਾ ਸਾਈਂ ਦੇ ਵਿਆਹ ਦੀ ਰਿਸੈਪਸ਼ਨ 24 ਦਸੰਬਰ ਨੂੰ ਉਨ੍ਹਾਂ ਦੇ ਹੋਮਟਾਊਨ ਹੈਦਰਾਬਾਦ ਵਿੱਚ ਹੋਵੇਗੀ।
ਪੀਵੀ ਸਿੰਧੂ ਨੇ 14 ਦਸੰਬਰ ਨੂੰ ਸਾਦੇ ਤਰੀਕੇ ਨਾਲ ਮੰਗਣੀ ਕੀਤੀ ਸੀ। 22 ਦਸੰਬਰ ਨੂੰ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਹੈਦਰਾਬਾਦ ਵਾਪਸ ਆ ਜਾਵੇਗੀ। ਉੱਥੇ 24 ਦਸੰਬਰ ਨੂੰ ਸ਼ਾਨਦਾਰ ਰਿਸੈਪਸ਼ਨ ਹੋਣੀ ਹੈ। ਪੀਵੀ ਸਿੰਧੂ ਆਪਣੇ ਪਰਿਵਾਰਕ ਦੋਸਤ, ਆਈਟੀ ਕਾਰੋਬਾਰੀ ਵੈਂਕਟਦੱਤ ਸਾਈ ਨਾਲ ਵਿਆਹ ਕਰ ਰਹੀ ਹੈ। ਸਿੰਧੂ ਦੀ ਉਸ ਨਾਲ 10 ਸਾਲਾਂ ਤੋਂ ਦੋਸਤੀ ਹੈ ਅਤੇ ਇਹ ਰਿਸ਼ਤਾ ਇੱਕ ਫਲਾਈਟ ਵਿੱਚ ਮਿਲਣ ਤੋਂ ਬਾਅਦ ਸ਼ੁਰੂ ਹੋਇਆ ਸੀ।