ਨਵੀਂ ਦਿੱਲੀ, 30 ਦਸੰਬਰ 2022 – ਹਾਲ ਹੀ ਵਿੱਚ ਥਾਈਲੈਂਡ ਦੇ ਪੱਟਾਯਾ ਵਿੱਚ ਇੰਟਰਨੈਸ਼ਨਲ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਹੋਈ। ਚੈਂਪੀਅਨਸ਼ਿਪ ਵਿੱਚ ਰਾਜਸਥਾਨ ਦੀ ਧੀ ਪ੍ਰਿਆ ਸਿੰਘ ਨੇ ਸੋਨ ਤਮਗਾ ਜਿੱਤਿਆ ਹੈ। ਪ੍ਰਿਆ ਸਿੰਘ ਇਸ ਤੋਂ ਪਹਿਲਾਂ 2018 ਤੋਂ 2020 ਤੱਕ ਤਿੰਨ ਵਾਰ ਮਿਸ ਰਾਜਸਥਾਨ ਦਾ ਖਿਤਾਬ ਵੀ ਜਿੱਤ ਚੁੱਕੀ ਹੈ।
ਪ੍ਰਿਆ ਸਿੰਘ ਮੂਲ ਰੂਪ ਤੋਂ ਬੀਕਾਨੇਰ ਜ਼ਿਲ੍ਹੇ ਦੀ ਰਹਿਣ ਵਾਲੀ ਪ੍ਰਿਆ ਦਾ ਅੱਠ ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀ। ਪਰ ਪਰਿਵਾਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਪ੍ਰਿਆ ਸਿੰਘ ਨੇ ਨੌਕਰੀ ਕੀਤੀ। ਬਾਅਦ ‘ਚ ਪ੍ਰਿਆ ਨੇ ਜਿਮ ਵਿੱਚ ਨੌਕਰੀ ਲਈ ਅਰਜ਼ੀ ਦਿੱਤੀ ਅਤੇ ਉਸ ਨੂੰ ਆਪਣੀ ਪਰਸਨੈਲਿਟੀ ਕਾਰਨ ਨੌਕਰੀ ਮਿਲੀ ਅਤੇ ਇਸ ਤੋਂ ਬਾਅਦ ਹੋਰਾਂ ਨੂੰ ਦੇਖ ਕੇ ਪ੍ਰਿਆ ਨੇ ਜਿਮ ‘ਚ ਟ੍ਰੇਨਿੰਗ ਲਈ ਅਤੇ ਰਾਜਸਥਾਨ ਦੀ ਪਹਿਲੀ ਸਫਲ ਮਹਿਲਾ ਬਾਡੀ ਬਿਲਡਰ ਬਣ ਗਈ।
ਅੰਤਰਰਾਸ਼ਟਰੀ ਸੋਨ ਤਮਗਾ ਜੇਤੂ ਪ੍ਰਿਆ, ਜੋ ਦੋ ਬੱਚਿਆਂ ਦੀ ਮਾਂ ਹੈ, ਦਾ ਕਹਿਣਾ ਹੈ ਕਿ ਇੱਕ ਔਰਤ ਨੂੰ ਆਪਣੇ ਸਰੀਰ ਨੂੰ ਬਣਾਉਣ ਲਈ ਇੱਕ ਮਰਦ ਨਾਲੋਂ ਜ਼ਿਆਦਾ ਖੁਰਾਕ ਅਤੇ ਮਿਹਨਤ ਦੀ ਲੋੜ ਹੁੰਦੀ ਹੈ। ਉਸ ਦੀ ਕਾਮਯਾਬੀ ਪਿੱਛੇ ਉਸ ਦੇ ਪਰਿਵਾਰ ਨੇ ਉਸ ਦਾ ਸਾਥ ਦਿੱਤਾ, ਜਿਸ ਦੀ ਬਦੌਲਤ ਉਹ ਅੱਜ ਇਕ ਸਫਲ ਜਿੰਮ ਟ੍ਰੇਨਰ ਹੈ।
ਜਿਮ ਕਰਦੇ ਸਮੇਂ ਪ੍ਰਿਆ ਨੂੰ ਪਤਾ ਲੱਗਾ ਕਿ ਬਾਡੀ ਬਿਲਡਰ ਚੈਂਪੀਅਨਸ਼ਿਪ ਵੀ ਹੈ। ਪਰ ਰਾਜਸਥਾਨ ਦੀ ਕੋਈ ਵੀ ਔਰਤ ਇਸ ਵਿੱਚ ਜਾ ਨਹੀਂ ਸਕੀ। ਉਸੇ ਦਿਨ ਤੋਂ ਹੀ ਪ੍ਰਿਆ ਨੇ ਚੈਂਪੀਅਨਸ਼ਿਪ ਵਿਚ ਜਾਣ ਦਾ ਫੈਸਲਾ ਕੀਤਾ ਅਤੇ ਖੁਰਾਕ ਅਤੇ ਹੋਰ ਚੀਜ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਿਨ-ਰਾਤ ਸਖ਼ਤ ਮਿਹਨਤ ਕੀਤੀ। ਪ੍ਰਿਆ ਸਿੰਘ ਦਾ ਸੋਸ਼ਲ ਮੀਡੀਆ ‘ਤੇ ਇਕ ਅਕਾਊਂਟ ਹੈ, ਜਿਸ ‘ਚ ਲਿਖਿਆ ਹੈ ਕਿ ਘੁੰਡ ਤੋਂ ਬਿਕਨੀ ਤੱਕ ਦਾ ਸਫਰ। ਇੰਸਟਾਗ੍ਰਾਮ ‘ਤੇ ਹੀ ਪ੍ਰਿਆ ਸਿੰਘ ਦੇ ਕਰੀਬ 33 ਹਜ਼ਾਰ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।