ਨਵੀਂ ਦਿੱਲੀ, 1 ਜਨਵਰੀ 2025 – ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 2024 ‘ਚ ‘ICC ਕ੍ਰਿਕਟਰ ਆਫ ਦਿ ਈਅਰ’ ਅਤੇ ‘ਟੈਸਟ ਪਲੇਅਰ ਆਫ ਦਿ ਈਅਰ’ ਬਣ ਸਕਦਾ ਹੈ। ਉਸ ਨੂੰ ਆਈਸੀਸੀ ਨੇ ਦੋਵਾਂ ਸ਼੍ਰੇਣੀਆਂ ਵਿਚ ਨੌਮੀਨੇਟ ਕੀਤਾ ਹੈ, ਉਸ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਹ ਪੁਰਸਕਾਰ ਜਿੱਤਣ ਦੀ ਦੌੜ ਵਿਚ ਸਿਖਰ ‘ਤੇ ਹੈ।
2024 ਵਿੱਚ, ਬੁਮਰਾਹ ਨੇ ਤਿੰਨੋਂ ਫਾਰਮੈਟਾਂ ਵਿੱਚ ਮਿਲਾ ਕੇ ਸਭ ਤੋਂ ਵੱਧ 86 ਵਿਕਟਾਂ ਲਈਆਂ, ਉਸ ਨੇ ਟੈਸਟ ਵਿੱਚ ਵੀ ਸਭ ਤੋਂ ਵੱਧ 71 ਵਿਕਟਾਂ ਹਾਸਲ ਕੀਤੀਆਂ। ਉਸ ਨੇ ਆਪਣੀ ਤੇਜ਼ ਗੇਂਦਬਾਜ਼ੀ ਨੇ ਭਾਰਤ ਨੂੰ ਟੀ-20 ਵਿਸ਼ਵ ਕੱਪ ਜਿੱਤਣ ਵਿਚ ਵੀ ਮਦਦ ਕੀਤੀ। ਉਹ ਟੂਰਨਾਮੈਂਟ ਦਾ ਖਿਡਾਰੀ ਰਿਹਾ ਸੀ।
ਆਈਸੀਸੀ ਨੇ ਸਾਲ ਦੇ ਸਰਵੋਤਮ ਕ੍ਰਿਕਟਰ ਅਤੇ ਟੈਸਟ ਕ੍ਰਿਕਟਰ ਲਈ 4-4 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ। ਕ੍ਰਿਕਟਰ ਆਫ ਦਿ ਈਅਰ ਅਵਾਰਡ ਉਸ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਜੋ ਤਿੰਨੋਂ ਫਾਰਮੈਟਾਂ ਵਿੱਚ ਵਧੀਆ ਪ੍ਰਦਰਸ਼ਨ ਕਰਦਾ ਹੈ। ਇਸਦੇ ਲਈ ਉਸਨੂੰ ਸਰ ਗਾਰਫੀਲਡ ਸੋਬਰਸ ਟਰਾਫੀ ਮਿਲਦੀ ਹੈ। ਬੁਮਰਾਹ ਤੋਂ ਇਲਾਵਾ ਇੰਗਲੈਂਡ ਦੇ ਜੋਅ ਰੂਟ, ਹੈਰੀ ਬਰੂਕ ਅਤੇ ਆਸਟਰੇਲੀਆ ਦੇ ਟ੍ਰੈਵਿਸ ਹੈੱਡ ਵੀ ਇਸ ਦੌੜ ਵਿੱਚ ਸ਼ਾਮਲ ਹਨ।
ਬੁਮਰਾਹ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ 13 ਟੈਸਟ ਖੇਡੇ ਅਤੇ ਸਭ ਤੋਂ ਵੱਧ 71 ਵਿਕਟਾਂ ਲਈਆਂ। ਉਸ ਦੀ ਔਸਤ ਸਿਰਫ਼ 14.92 ਰਹੀ। 45 ਦੌੜਾਂ ਦੇ ਕੇ 6 ਵਿਕਟਾਂ ਇੱਕ ਪਾਰੀ ਵਿੱਚ ਉਸਦਾ ਸਰਵੋਤਮ ਪ੍ਰਦਰਸ਼ਨ ਸੀ। ਉਸ ਨੇ ਇਸ ਸਾਲ ਇਕ ਵੀ ਵਨਡੇ ਨਹੀਂ ਖੇਡਿਆ।
ਬੁਮਰਾਹ ਨੇ ਭਾਰਤ ਨੂੰ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ‘ਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਟੂਰਨਾਮੈਂਟ ਦੇ 8 ਮੈਚਾਂ ਵਿੱਚ ਕੁੱਲ 15 ਵਿਕਟਾਂ ਲਈਆਂ। ਫਾਈਨਲ ਵਿੱਚ ਵੀ ਉਸ ਨੇ ਰੀਜ਼ਾ ਹੈਂਡਰਿਕਸ ਅਤੇ ਮਾਰਕੋ ਜੈਨਸਨ ਦੀਆਂ ਅਹਿਮ ਵਿਕਟਾਂ ਲਈਆਂ। ਇਸ ਪ੍ਰਦਰਸ਼ਨ ਲਈ ਉਸ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਦਾ ਐਵਾਰਡ ਵੀ ਮਿਲਿਆ। ਉਹ 2 ਫਾਰਮੈਟਾਂ ਵਿੱਚ ਆਪਣੇ ਸਿਖਰਲੇ ਦਰਜੇ ਦੇ ਪ੍ਰਦਰਸ਼ਨ ਦੀ ਬਦੌਲਤ ਇਹ ਪੁਰਸਕਾਰ ਜਿੱਤ ਸਕਦਾ ਹੈ।
ਸਾਲ ਦੇ ਸਰਵੋਤਮ ਟੈਸਟ ਕ੍ਰਿਕਟਰ ਦੀ ਦੌੜ ‘ਚ ਬੁਮਰਾਹ ਦਾ ਸਾਹਮਣਾ ਇੰਗਲੈਂਡ ਦੇ ਜੋ ਰੂਟ ਅਤੇ ਹੈਰੀ ਬਰੂਕ ਨਾਲ ਵੀ ਹੋਵੇਗਾ। ਇੱਥੇ ਚੌਥਾ ਨਾਂ ਸ਼੍ਰੀਲੰਕਾ ਦੇ ਕਮਿੰਦੂ ਮੈਂਡਿਸ ਦਾ ਹੈ। ਜੋ ਰੂਟ ਨੇ 17 ਟੈਸਟਾਂ ਵਿੱਚ 55.57 ਦੀ ਔਸਤ ਨਾਲ 1556 ਦੌੜਾਂ ਬਣਾਈਆਂ। ਉਸ ਨੇ ਪਾਕਿਸਤਾਨ ਵਿਰੁੱਧ 262 ਦੌੜਾਂ ਦੀ ਕਰੀਅਰ ਦੀ ਸਰਵੋਤਮ ਪਾਰੀ ਵੀ ਖੇਡੀ। ਦੂਜੇ ਪਾਸੇ ਬਰੁਕ ਨੇ 12 ਟੈਸਟਾਂ ਵਿੱਚ 55 ਦੀ ਔਸਤ ਨਾਲ 1100 ਦੌੜਾਂ ਬਣਾਈਆਂ।
ਸਰ ਗਾਰਫੀਲਡ ਸੋਬਰਸ ਟਰਾਫੀ ਲਈ ਚੌਥਾ ਨਾਮ ਟ੍ਰੈਵਿਸ ਹੈੱਡ ਦਾ ਹੈ ਜਿਸ ਨੇ 9 ਟੈਸਟਾਂ ਵਿੱਚ 40.53 ਦੀ ਔਸਤ ਨਾਲ 608 ਦੌੜਾਂ ਬਣਾਈਆਂ। ਉਸਨੇ 15 ਟੀ-20 ਵਿੱਚ 178.47 ਦੀ ਸਟ੍ਰਾਈਕ ਰੇਟ ਨਾਲ 539 ਦੌੜਾਂ ਵੀ ਬਣਾਈਆਂ। ਇਸ ਦੇ ਨਾਲ ਹੀ ਕਮਿੰਦੂ ਮੈਂਡਿਸ ਨੇ ਇਸ ਸਾਲ 9 ਟੈਸਟਾਂ ‘ਚ 5 ਸੈਂਕੜੇ ਲਗਾ ਕੇ 1049 ਦੌੜਾਂ ਬਣਾਈਆਂ।
ਆਸਟ੍ਰੇਲੀਆ ਦੇ ਖਿਲਾਫ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ (ਬੀਜੀਟੀ) ਦੇ ਪਹਿਲੇ ਮੈਚ ਵਿੱਚ, ਜਸਪ੍ਰੀਤ ਬੁਮਰਾਹ ਨੇ 8 ਵਿਕਟਾਂ ਲਈਆਂ ਅਤੇ ਇੱਕਲੇ ਹੀ ਭਾਰਤ ਲਈ ਟੈਸਟ ਮੈਚ ਜਿੱਤ ਲਿਆ। ਜਦਕਿ ਇਸ ਟੈਸਟ ਮੈਚ ਦੀ ਪਹਿਲੀ ਪਾਰੀ ‘ਚ ਭਾਰਤੀ ਟੀਮ 150 ਦੌੜਾਂ ਹੀ ਬਣਾ ਸਕੀ। ਬੁਮਰਾਹ ਵੀ ਕਪਤਾਨੀ ਕਰ ਰਹੇ ਸਨ। ਬੁਮਰਾਹ ਬੀਜੀਟੀ 2024-25 ਵਿੱਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਸ ਨੇ ਹੁਣ ਤੱਕ 4 ਮੈਚਾਂ ‘ਚ 30 ਵਿਕਟਾਂ ਲਈਆਂ ਹਨ।