ਨਵੀਂ ਦਿੱਲੀ, 6 ਦਸੰਬਰ 2024 – ਚੈਂਪੀਅਨਸ ਟਰਾਫੀ ਹਾਈਬ੍ਰਿਡ ਮਾਡਲ ‘ਚ ਆਯੋਜਿਤ ਕੀਤੀ ਜਾਵੇਗੀ ਅਤੇ ਪਹਿਲਾਂ ਹੀ ਮਿਥੇ ਗਏ ਪ੍ਰੋਗਰਾਮ ਮੁਤਾਬਕ ਹੋਵੇਗੀ। ਪਾਕਿਸਤਾਨ ਨੇ ਵੀ ਦੋ ਦੇਸ਼ਾਂ ਵਿੱਚ ਮੇਜ਼ਬਾਨੀ ਲਈ ਸਹਿਮਤੀ ਪ੍ਰਗਟਾਈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਗਰੁੱਪ ਮੈਚ 1 ਮਾਰਚ ਨੂੰ ਦੁਬਈ ‘ਚ ਹੋ ਸਕਦਾ ਹੈ। ਭਾਰਤ ਆਪਣੇ ਸਾਰੇ ਮੈਚ ਯੂਏਈ ਵਿੱਚ ਹੀ ਖੇਡੇਗਾ, ਇੱਥੇ ਵੀ 2 ਨਾਕਆਊਟ ਮੈਚ ਹੋਣਗੇ।
ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ, ਆਈਸੀਸੀ ਨੇ ਦੁਬਈ ਵਿੱਚ ਸਥਾਨ ਨੂੰ ਲੈ ਕੇ ਇੱਕ ਬੈਠਕ ਰੱਖੀ ਸੀ, ਇਸ ਬੈਠਕ ਵਿੱਚ ਸਥਾਨ ਨੂੰ ਅੰਤਿਮ ਰੂਪ ਦਿੱਤਾ ਗਿਆ। ਹਾਲਾਂਕਿ ਆਈਸੀਸੀ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਚੈਂਪੀਅਨਸ ਟਰਾਫੀ ਫਰਵਰੀ ਤੋਂ ਸ਼ੁਰੂ ਹੋਣ ਵਾਲੀ ਹੈ, ਟੂਰਨਾਮੈਂਟ ਦਾ ਵਿਸਤ੍ਰਿਤ ਸ਼ਡਿਊਲ 7 ਦਸੰਬਰ ਤੱਕ ਜਾਰੀ ਕੀਤਾ ਜਾ ਸਕਦਾ ਹੈ। ਪਾਕਿਸਤਾਨ ਇਸ ਟੂਰਨਾਮੈਂਟ ਦੀ ਡਿਫੈਂਡਿੰਗ ਚੈਂਪੀਅਨ ਹੈ, ਟੀਮ ਨੇ 2017 ‘ਚ ਫਾਈਨਲ ‘ਚ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ICC ਦੇ ਨਵੇਂ ਚੇਅਰਮੈਨ ਜੈ ਸ਼ਾਹ ਦੀ ਮੌਜੂਦਗੀ ‘ਚ ਵੀਰਵਾਰ ਸ਼ਾਮ 5 ਵਜੇ ਬੋਰਡ ਦੇ ਸਾਰੇ ਮੈਂਬਰਾਂ ਦੀ ਬੈਠਕ ਹੋਈ। ਸ਼ਾਹ ਦੁਬਈ ਸਥਿਤ ਹੈੱਡ ਕੁਆਰਟਰ ਵੀ ਪਹੁੰਚੇ ਸਨ। ਮੀਟਿੰਗ ਵਿੱਚ ਬੋਰਡ ਦੇ ਸਾਰੇ 15 ਮੈਂਬਰਾਂ ਨੇ ਹਾਈਬ੍ਰਿਡ ਮਾਡਲ ਲਈ ਸਹਿਮਤੀ ਪ੍ਰਗਟਾਈ। ਪਾਕਿਸਤਾਨ ਨੇ ਵੀ ਬੈਠਕ ‘ਚ ਫੈਸਲੇ ਦਾ ਵਿਰੋਧ ਨਹੀਂ ਕੀਤਾ।
8 ਟੀਮਾਂ ਵਿਚਕਾਰ 15 ਮੈਚਾਂ ਦਾ ਇਹ ਟੂਰਨਾਮੈਂਟ ਫਰਵਰੀ ਤੋਂ ਮਾਰਚ ਤੱਕ ਖੇਡਿਆ ਜਾਣਾ ਹੈ। ਭਾਰਤ ਆਪਣੇ ਗਰੁੱਪ ਪੜਾਅ ਦੇ ਤਿੰਨੇ ਮੈਚ ਯੂਏਈ ਵਿੱਚ ਖੇਡੇਗਾ। ਇੱਥੇ ਸੈਮੀਫਾਈਨਲ ਅਤੇ ਫਾਈਨਲ ਵੀ ਖੇਡਿਆ ਜਾਵੇਗਾ। ਜਦਕਿ ਟੂਰਨਾਮੈਂਟ ਦੇ ਬਾਕੀ 10 ਮੈਚ ਪਾਕਿਸਤਾਨ ‘ਚ ਹੋਣਗੇ। ਪੀਸੀਬੀ ਨੇ ਮੀਟਿੰਗ ਵਿੱਚ 4-5 ਮੰਗਾਂ ਰੱਖੀਆਂ, ਪਰ ਆਈਸੀਸੀ ਨੇ ਜ਼ਿਆਦਾਤਰ ਮੰਗਾਂ ਨੂੰ ਰੱਦ ਕਰ ਦਿੱਤਾ।
ਪੀਸੀਬੀ ਨੇ ਭਵਿੱਖ ਵਿੱਚ ਕਿਸੇ ਨਿਰਪੱਖ ਸਥਾਨ ‘ਤੇ ਭਾਰਤ ਨਾਲ ਤਿਕੋਣੀ ਲੜੀ ਕਰਵਾਉਣ ਦੀ ਮੰਗ ਕੀਤੀ, ਪਰ ਬੀਸੀਸੀਆਈ ਅਤੇ ਆਈਸੀਸੀ ਦੋਵੇਂ ਇਸ ਨਾਲ ਸਹਿਮਤ ਨਹੀਂ ਹੋਏ। ਭਾਰਤ ਅਤੇ ਪਾਕਿਸਤਾਨ ਵਿਚਾਲੇ 2012 ਤੋਂ ਬਾਅਦ ਕੋਈ ਸੀਰੀਜ਼ ਨਹੀਂ ਹੋਈ ਹੈ, ਦੋਵੇਂ ਟੀਮਾਂ ਸਿਰਫ ਆਈਸੀਸੀ ਅਤੇ ਏਸੀਸੀ ਟੂਰਨਾਮੈਂਟਾਂ ਵਿੱਚ ਹੀ ਇੱਕ ਦੂਜੇ ਦਾ ਸਾਹਮਣਾ ਕਰਦੀਆਂ ਹਨ।
ਪਾਕਿਸਤਾਨ ਨੇ ਇਹ ਵੀ ਮੰਗ ਕੀਤੀ ਕਿ ਜੇਕਰ ਭਾਰਤ ‘ਚ ਕੋਈ ਟੂਰਨਾਮੈਂਟ ਹੈ ਤਾਂ ਉਸ ਦੇ ਮੈਚ ਵੀ ਨਿਰਪੱਖ ਥਾਵਾਂ ‘ਤੇ ਕਰਵਾਏ ਜਾਣੇ ਚਾਹੀਦੇ ਹਨ। ਹਾਲਾਂਕਿ, ਬੀਸੀਸੀਆਈ ਨੇ ਕਿਹਾ ਕਿ ਭਾਰਤ ਵਿੱਚ ਸੁਰੱਖਿਆ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ। ਇਸ ਲਈ ਪਾਕਿਸਤਾਨ ਦੇ ਮੈਚ ਨਿਰਪੱਖ ਥਾਵਾਂ ‘ਤੇ ਨਹੀਂ ਖੇਡੇ ਜਾਣਗੇ। ਪਾਕਿਸਤਾਨ ਤੋਂ ਖੋਹੇ ਗਏ ਚੈਂਪੀਅਨਸ ਟਰਾਫੀ ਦੇ 5 ਮੈਚਾਂ ਦਾ ਪੀਸੀਬੀ ਨੇ ਵੀ ਮੰਗਿਆ ਮੁਆਵਜ਼ਾ, ਆਈਸੀਸੀ ਨੇ ਇਹ ਮੰਗ ਮੰਨ ਲਈ।