ਨਵੀਂ ਦਿੱਲੀ, 14 ਜੁਲਾਈ 2024 – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਮਹੀਨੇ ਦੇ ਅੰਤ ‘ਚ ਭਾਰਤ ਦੇ ਸ਼੍ਰੀਲੰਕਾ ਦੌਰੇ ਨੂੰ ਲੈ ਕੇ ਬਦਲਾਅ ਕੀਤਾ ਹੈ। ਹੁਣ ਭਾਰਤ ਦਾ ਸ਼੍ਰੀਲੰਕਾ ਦੌਰਾ 26 ਦੀ ਬਜਾਏ 27 ਜੁਲਾਈ ਤੋਂ ਸ਼ੁਰੂ ਹੋਵੇਗਾ। ਨਾਲ ਹੀ, 1 ਅਗਸਤ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਹੁਣ 2 ਅਗਸਤ ਤੋਂ ਸ਼ੁਰੂ ਹੋਵੇਗੀ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ 3 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਦਾ ਸ਼ਡਿਊਲ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਦੌਰੇ ਤੋਂ ਠੀਕ ਪਹਿਲਾਂ ਸ਼੍ਰੀਲੰਕਾ ਦੇ ਟੀ-20 ਕਪਤਾਨ ਵਨਿੰਦੂ ਹਸਾਰੰਗਾ ਨੇ ਵੀ ਕਪਤਾਨੀ ਛੱਡ ਦਿੱਤੀ ਸੀ।
ਇਹ ਦੌਰਾ ਭਾਰਤੀ ਟੀਮ ਦੇ ਨਵੇਂ ਨਿਯੁਕਤ ਮੁੱਖ ਕੋਚ ਗੌਤਮ ਗੰਭੀਰ ਦਾ ਪਹਿਲਾ ਅਸਾਈਨਮੈਂਟ ਹੋਵੇਗਾ। ਇਸ ਤੋਂ ਇਲਾਵਾ ਸ਼੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਸਨਥ ਜੈਸੂਰੀਆ ਵੀ ਇਸ ਦੌਰੇ ਤੋਂ ਆਪਣੇ ਅੰਤਰਰਾਸ਼ਟਰੀ ਕੋਚਿੰਗ ਕਰੀਅਰ ਦੀ ਸ਼ੁਰੂਆਤ ਕਰਨਗੇ।
ਹੁਣ ਜਾਰੀ ਸ਼ਡਿਊਲ ਮੁਤਾਬਕ ਟੀ-20 ਸੀਰੀਜ਼ ਦਾ ਪਹਿਲਾ ਮੈਚ 27 ਜੁਲਾਈ ਨੂੰ ਸ਼ਾਮ 7 ਵਜੇ ਪੱਲੇਕੇਲੇ ‘ਚ ਖੇਡਿਆ ਜਾਵੇਗਾ। ਵਨਡੇ ਸੀਰੀਜ਼ 2 ਅਗਸਤ ਤੋਂ ਕੋਲੰਬੋ ‘ਚ ਸ਼ੁਰੂ ਹੋਵੇਗੀ। ਫਿਲਹਾਲ ਇਸ ਦੌਰੇ ਲਈ ਦੋਵਾਂ ਟੀਮਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਗੌਤਮ ਗੰਭੀਰ 2 ਦਿਨ ਪਹਿਲਾਂ ਹੀ ਟੀਮ ਇੰਡੀਆ ਦੇ ਮੁੱਖ ਕੋਚ ਬਣੇ ਸਨ। ਭਾਰਤੀ ਕੋਚ ਵਜੋਂ ਇਹ ਗੰਭੀਰ ਦਾ ਪਹਿਲਾ ਅਸਾਈਨਮੈਂਟ ਹੋਵੇਗਾ। 42 ਸਾਲਾ ਗੰਭੀਰ ਨੇ ‘ਦਿ ਵਾਲ’ ਦੇ ਨਾਂਅ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਦੀ ਜਗ੍ਹਾ ਲਈ ਹੈ। ਟੀ-20 ਵਿਸ਼ਵ ਕੱਪ ਤੋਂ ਬਾਅਦ ਦ੍ਰਾਵਿੜ ਦਾ ਕਾਰਜਕਾਲ ਖਤਮ ਹੋ ਗਿਆ। ਗੰਭੀਰ ਦਾ ਕਾਰਜਕਾਲ ਜੁਲਾਈ 2027 ਤੱਕ ਰਹੇਗਾ।