ਨਵੀਂ ਦਿੱਲੀ, 12 ਮਈ 2024 – IPL 2024 ਵਿੱਚ ਅੱਜ ਇੱਕ ਦਿਨ ਵਿੱਚ 2 ਮੈਚ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਚੇਨਈ ਦੇ ਘਰੇਲੂ ਮੈਦਾਨ ਐੱਮ.ਏ.ਚਿਦੰਬਰਮ ਸਟੇਡੀਅਮ (ਚੇਪੌਕ) ‘ਚ ਬਾਅਦ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਦੁਪਹਿਰ 3:00 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ।
ਅੱਜ ਚੇਨਈ ਦਾ ਸੀਜ਼ਨ ਦਾ 13ਵਾਂ ਮੈਚ ਹੋਵੇਗਾ। ਟੀਮ ਨੇ 12 ‘ਚੋਂ 6 ਮੈਚ ਜਿੱਤੇ ਅਤੇ 6 ਹਾਰੇ। ਟੀਮ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਹੈ। ਰਾਜਸਥਾਨ ਦਾ ਇਹ 12ਵਾਂ ਮੈਚ ਹੋਵੇਗਾ, ਟੀਮ 11 ਮੈਚਾਂ ‘ਚੋਂ 8 ਜਿੱਤਣ ਅਤੇ 3 ਹਾਰ ਕੇ 16 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਅੱਜ ਦਾ ਮੈਚ ਜਿੱਤ ਕੇ ਸੀਐਸਕੇ ਆਪਣੀ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖੇਗਾ ਜਦਕਿ ਆਰਆਰ ਮੈਚ ਜਿੱਤ ਕੇ ਪਲੇਆਫ ਲਈ ਕੁਆਲੀਫਾਈ ਕਰ ਲਵੇਗੀ।
ਚੇਨਈ ਅਤੇ ਰਾਜਸਥਾਨ ਵਿਚਾਲੇ ਆਈਪੀਐਲ ਵਿੱਚ ਕੁੱਲ 28 ਮੈਚ ਖੇਡੇ ਗਏ ਹਨ। ਚੇਨਈ ਨੇ 15 ਜਦਕਿ ਰਾਜਸਥਾਨ ਨੇ 13 ਜਿੱਤੇ। ਇਸ ਦੇ ਨਾਲ ਹੀ, ਚੇਪੌਕ ਸਟੇਡੀਅਮ ਵਿੱਚ ਦੋਵਾਂ ਟੀਮਾਂ ਵਿਚਕਾਰ 8 ਮੈਚ ਖੇਡੇ ਗਏ, ਜਿਸ ਵਿੱਚ ਸੀਐਸਕੇ ਨੇ 6 ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਆਰਆਰ ਨੇ ਸਿਰਫ 2 ਵਿੱਚ ਜਿੱਤ ਪ੍ਰਾਪਤ ਕੀਤੀ ਹੈ।
ਦਿਨ ਦਾ ਦੂਜਾ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ।
ਅੱਜ ਬੈਂਗਲੁਰੂ ਅਤੇ ਦਿੱਲੀ ਵਿਚਾਲੇ ਸੀਜ਼ਨ ਦਾ 13ਵਾਂ ਮੈਚ ਹੋਵੇਗਾ। ਮੈਚ ਦੀ ਮੇਜ਼ਬਾਨ ਟੀਮ ਬੈਂਗਲੁਰੂ ਨੇ 12 ਵਿੱਚੋਂ 5 ਮੈਚ ਜਿੱਤੇ ਅਤੇ 7 ਹਾਰੇ। ਟੀਮ ਅੰਕ ਸੂਚੀ ‘ਚ 7ਵੇਂ ਸਥਾਨ ‘ਤੇ ਹੈ। ਦਿੱਲੀ ਨੇ 12 ‘ਚੋਂ 6 ਮੈਚ ਜਿੱਤੇ ਅਤੇ 6 ਹਾਰੇ ਹਨ, ਟੀਮ 12 ਅੰਕਾਂ ਨਾਲ 5ਵੇਂ ਨੰਬਰ ‘ਤੇ ਹੈ। ਫਿਲਹਾਲ ਦੋਵਾਂ ਟੀਮਾਂ ਦੀਆਂ ਪਲੇਆਫ ਦੀਆਂ ਉਮੀਦਾਂ ਬਰਕਰਾਰ ਹਨ, ਅੱਜ ਦਾ ਮੈਚ ਹਾਰਨ ਵਾਲੀ ਟੀਮ ਲਈ ਪਲੇਆਫ ਦੀ ਦੌੜ ਮੁਸ਼ਕਲ ਹੋ ਜਾਵੇਗੀ।
ਆਈਪੀਐਲ ਵਿੱਚ ਦੋਵਾਂ ਟੀਮਾਂ ਵਿਚਾਲੇ ਕੁੱਲ 30 ਮੈਚ ਖੇਡੇ ਗਏ ਹਨ। 18 ਆਰਸੀਬੀ ਨੇ ਜਿੱਤੇ ਜਦਕਿ 11 ਡੀਸੀ ਨੇ ਜਿੱਤੇ ਹਨ। ਇਸ ਦੇ ਨਾਲ ਹੀ, ਬੈਂਗਲੁਰੂ ਸਟੇਡੀਅਮ ਵਿੱਚ ਦੋਵਾਂ ਟੀਮਾਂ ਵਿਚਕਾਰ 11 ਮੈਚ ਖੇਡੇ ਗਏ, 6 ਵਿੱਚ ਆਰਸੀਬੀ ਅਤੇ 4 ਵਿੱਚ ਡੀਸੀ ਜੇਤੂ ਰਿਹਾ। 1 ਮੈਚ ਦਾ ਕੋਈ ਨਤੀਜਾ ਨਹੀਂ ਨਿੱਕਲਿਆ।