ਮੁੰਬਈ, 27 ਅਕਤੂਬਰ 2024 – ਭਾਰਤੀ ਕ੍ਰਿਕਟ ਟੀਮ ਨੂੰ ਨਿਊਜ਼ੀਲੈਂਡ ਖਿਲਾਫ ਦੂਜੇ ਟੈਸਟ ਮੈਚ ‘ਚ 113 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਟੀਮ ਇੰਡੀਆ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵੀ ਹਾਰ ਗਈ। ਸੀਰੀਜ਼ ਹਾਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਹੁਣ ਐਕਸ਼ਨ ਮੋਡ ‘ਚ ਨਜ਼ਰ ਆ ਰਹੇ ਹਨ। ਦੂਜਾ ਟੈਸਟ ਮੈਚ ਪੁਣੇ ‘ਚ ਖੇਡਿਆ ਗਿਆ। ਆਖਰੀ ਮੈਚ ਮੁੰਬਈ ‘ਚ ਖੇਡਿਆ ਜਾਵੇਗਾ। ਤੀਜੇ ਟੈਸਟ ਮੈਚ ਤੋਂ ਪਹਿਲਾਂ ਟੀਮ ਪ੍ਰਬੰਧਨ ਨੇ ਖਿਡਾਰੀਆਂ ਨੂੰ ਦੋ ਦਿਨ ਦਾ ਬ੍ਰੇਕ ਦਿੱਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਨਿਯਮ ਵੀ ਜਾਰੀ ਕੀਤਾ ਹੈ ਜਿਸ ਦੀ ਪਾਲਣਾ ਸਾਰੇ ਖਿਡਾਰੀਆਂ ਨੂੰ ਕਿਸੇ ਵੀ ਹਾਲਤ ਵਿੱਚ ਕਰਨੀ ਪਵੇਗੀ। ਦਰਅਸਲ, ਗੌਤਮ ਗੰਭੀਰ ਨੇ ਸਾਰੇ ਖਿਡਾਰੀਆਂ ਲਈ ਦੋ ਦਿਨ ਦਾ ਲਾਜ਼ਮੀ ਅਭਿਆਸ ਸੈਸ਼ਨ ਰੱਖਿਆ ਹੈ। ਇਸ ਵਿੱਚ ਕਿਸੇ ਵੀ ਖਿਡਾਰੀ ਨੂੰ ਕੋਈ ਛੋਟ ਨਹੀਂ ਮਿਲੇਗੀ। ਇਸ ਅਭਿਆਸ ਸੈਸ਼ਨ ‘ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਅਤੇ ਵਿਰਾਟ ਕੋਹਲੀ ਵਰਗੇ ਸੀਨੀਅਰ ਖਿਡਾਰੀ ਵੀ ਹਿੱਸਾ ਲੈਣਗੇ।
ਅਕਸਰ ਦੇਖਿਆ ਜਾਂਦਾ ਹੈ ਕਿ ਲਗਾਤਾਰ ਮੈਚਾਂ ਕਾਰਨ ਟੀਮ ਦੇ ਕੁਝ ਸੀਨੀਅਰ ਖਿਡਾਰੀ ਜਾਂ ਤੇਜ਼ ਗੇਂਦਬਾਜ਼ ਅਭਿਆਸ ਸੈਸ਼ਨਾਂ ‘ਚ ਹਿੱਸਾ ਨਹੀਂ ਲੈਂਦੇ, ਤਾਂ ਜੋ ਉਹ ਸੱਟ ਤੋਂ ਬਚ ਸਕਣ ਜਾਂ ਫਿਰ ਕੰਮ ਦੇ ਬੋਝ ਨੂੰ ਸੰਭਾਲਿਆ ਜਾ ਸਕੇ। ਭਾਵੇਂ ਕਿਸੇ ਕਾਰਨ ਉਹ ਅਭਿਆਸ ਸੈਸ਼ਨ ਵਿਚ ਹਿੱਸਾ ਲੈਂਦੇ ਹਨ, ਉਹ ਹਲਕੀ ਡ੍ਰਿਲਸ ਕਰਦੇ ਹਨ, ਪਰ ਇਸ ਵਾਰ ਗੌਤਮ ਗੰਭੀਰ ਨੇ ਸਪੱਸ਼ਟ ਕੀਤਾ ਹੈ ਕਿ ਅਭਿਆਸ ਵਿਚ ਹਿੱਸਾ ਲੈਣਾ ਸਾਰਿਆਂ ਲਈ ਜ਼ਰੂਰੀ ਹੋਵੇਗਾ।
ਪੁਣੇ ਟੈਸਟ ਮੈਚ ‘ਚ ਹਾਰ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਮੁੰਬਈ ‘ਚ ਆਪਣੇ ਘਰ ਚਲੇ ਗਏ ਹਨ। ਮੈਚ ਖਤਮ ਹੁੰਦੇ ਹੀ ਇਹ ਦੋਵੇਂ ਸੀਨੀਅਰ ਖਿਡਾਰੀ ਮੁੰਬਈ ਲਈ ਰਵਾਨਾ ਹੋ ਗਏ ਜਦਕਿ ਕੋਚ ਗੌਤਮ ਗੰਭੀਰ ਅਤੇ ਬਾਕੀ ਖਿਡਾਰੀ ਐਤਵਾਰ ਨੂੰ ਮੁੰਬਈ ਪਹੁੰਚ ਗਏ। ਹੁਣ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ ਤੀਜਾ ਮੈਚ 1 ਨਵੰਬਰ ਤੋਂ ਵਾਨਖੇੜੇ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਣਾ ਹੈ।