ਅੰਮ੍ਰਿਤਸਰ, 6 ਅਗਸਤ 2022 – ਇੰਗਲੈਂਡ ਦੇ ਬਰਮਿੰਘਮ ‘ਚ Commonwealth Games ‘ਚ ਤਮਗਾ ਲੈ ਕੇ ਪਰਤੇ ਦੇਸ਼ ਦੇ ਵੇਟਲਿਫਟਰ ਸ਼ਨੀਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇ। ਪੰਜਾਬ ਸਰਕਾਰ ਦੀ ਤਰਫੋਂ ਡੀਸੀ ਅੰਮ੍ਰਿਤਸਰ ਤੇ ਹੋਰ ਅਧਿਕਾਰੀ ਉਨ੍ਹਾਂ ਦਾ ਸਵਾਗਤ ਕਰਨ ਲਈ ਪੁੱਜੇ। ਹਵਾਈ ਅੱਡੇ ‘ਤੇ ਸਾਰਿਆਂ ਨੇ ਉਨ੍ਹਾਂ ਦਾ ਤਿਲਕ, ਤਾੜੀਆਂ ਅਤੇ ਫੁੱਲਾਂ ਨਾਲ ਸਵਾਗਤ ਕੀਤਾ। ਇਸ ਤੋਂ ਬਾਅਦ ਸਾਰੇ ਖਿਡਾਰੀ ਪਟਿਆਲਾ ਲਈ ਰਵਾਨਾ ਹੋ ਗਏ, ਜਿੱਥੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।
ਗੋਲਡਨ ਮੈਡਲ ਜੇਤੂ ਮੀਰਾ ਬਾਈ ਚਾਨੂ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰੇ ਖਿਡਾਰੀਆਂ ਦੀ ਅਗਵਾਈ ਕਰਦੀ ਨਜ਼ਰ ਆਈ। ਬਾਕੀ ਸਾਰੇ ਖਿਡਾਰੀ ਉਸ ਦੇ ਪਿੱਛੇ ਨਜ਼ਰ ਆਏ। ਹਰ ਕਿਸੇ ਦੇ ਚਿਹਰਿਆਂ ‘ਤੇ ਵੱਖਰੀ ਖੁਸ਼ੀ ਸੀ, ਜਿਵੇਂ ਲੰਮੀ ਜੰਗ ਤੋਂ ਬਾਅਦ ਆਪਣੇ ਦੇਸ਼ ਪਰਤੇ ਹੋਣ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਦੇ ਹੀ ਖਿਡਾਰੀਆਂ ਦਾ ਸਭ ਤੋਂ ਪਹਿਲਾਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਇਸ ਤੋਂ ਬਾਅਦ ਸਾਰਿਆਂ ਨੇ ਗਰੁੱਪ ਫੋਟੋ ਕਰਵਾਈ। ਇਸ ਤੋਂ ਇਲਾਵਾ ਪੰਜਾਬ ਦੇ ਸੀਨੀਅਰ ਅਧਿਕਾਰੀ ਡੀਸੀ ਹਰਪ੍ਰੀਤ ਸਿੰਘ ਸੂਦਨ ਉਨ੍ਹਾਂ ਦਾ ਸਵਾਗਤ ਕਰਨ ਲਈ ਖੜ੍ਹੇ ਹੋਏ। ਸਾਰੇ ਖਿਡਾਰੀਆਂ ਦਾ ਤਿਲਕ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।
ਮੀਰਾ ਬਾਈ ਚਾਨੂ ਦੇ ਨਾਲ ਅੰਮ੍ਰਿਤਸਰ ਦਾ ਕਾਂਸੀ ਤਮਗਾ ਜੇਤੂ ਵੇਟਲਿਫਟਰ ਲਵਪ੍ਰੀਤ ਸਿੰਘ ਵੀ ਅੰਮ੍ਰਿਤਸਰ ਪਹੁੰਚਿਆ। ਉਨ੍ਹਾਂ ਦਾ ਸਵਾਗਤ ਕਰਨ ਲਈ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਵਾਸੀ ਫੁੱਲ ਲੈ ਕੇ ਪਹੁੰਚੇ ਸਨ। ਪਰਿਵਾਰ ਨੇ ਲਵਪ੍ਰੀਤ ਦਾ ਢੋਲ ਦੀ ਥਾਪ ‘ਤੇ ਭੰਗੜਾ ਪਾ ਕੇ ਸਵਾਗਤ ਕੀਤਾ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ।