ਨਵੀਂ ਦਿੱਲੀ, 15 ਮਈ 2024 – ਰਿਸ਼ਭ ਪੰਤ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਜ਼ (ਡੀਸੀ), ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2024 ਸੀਜ਼ਨ ਵਿੱਚ ਮੰਗਲਵਾਰ (14 ਮਈ) ਨੂੰ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਖਿਲਾਫ ਮੈਚ ਖੇਡਿਆ, ਜਿਸ ‘ਚ ਉਸ ਨੇ 19 ਦੌੜਾਂ ਨਾਲ ਜਿੱਤ ਦਰਜ ਕੀਤੀ। ਪਲੇਆਫ ਦੇ ਨਜ਼ਰੀਏ ਤੋਂ ਇਹ ਦਿੱਲੀ ਲਈ ਕਰੋ ਜਾਂ ਮਰੋ ਵਾਲਾ ਮੈਚ ਸੀ।
ਦਿੱਲੀ ਨੇ ਗਰੁੱਪ ਗੇੜ ‘ਚ ਸਾਰੇ 14 ਮੈਚ ਖੇਡ ਲਏ ਹਨ, ਜਿਨ੍ਹਾਂ ‘ਚੋਂ ਉਸ ਨੇ 7 ‘ਚ ਜਿੱਤ ਦਰਜ ਕੀਤੀ ਹੈ। ਦਿੱਲੀ ਦੀ ਟੀਮ ਹੁਣ 14 ਅੰਕਾਂ ਨਾਲ ਅੰਕ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਪਹੁੰਚ ਗਈ ਹੈ। ਪਲੇਆਫ ‘ਚ ਪਹੁੰਚਣ ਲਈ ਉਸ ਨੂੰ ਸਨਰਾਈਜ਼ਰਸ ਹੈਦਰਾਬਾਦ (SRH), ਚੇਨਈ ਸੁਪਰ ਕਿੰਗਜ਼ (CSK) ਅਤੇ ਲਖਨਊ ਦੀ ਟੀਮ ਦੀ ਹਾਰ ਲਈ ਪ੍ਰਾਰਥਨਾ ਕਰਨੀ ਹੋਵੇਗੀ।
ਹਾਲਾਂਕਿ ਇਸ ਸਭ ਦੇ ਬਾਵਜੂਦ ਦਿੱਲੀ ਲਈ ਪਲੇਆਫ ‘ਚ ਪਹੁੰਚਣਾ ਮੁਸ਼ਕਿਲ ਜਾਪ ਰਿਹਾ ਹੈ। ਇਸ ਦਾ ਕਾਰਨ ਉਸਦੀ ਖਰਾਬ ਨੈੱਟ ਰਨ ਰੇਟ -0.377 ਹੈ। ਦੂਜੇ ਪਾਸੇ ਲਖਨਊ ਦੀ ਟੀਮ ਦਾ ਆਖਰੀ ਮੈਚ ਅਜੇ ਬਾਕੀ ਹੈ। ਹੁਣ ਤੱਕ ਉਸ ਨੇ 13 ਵਿੱਚੋਂ 6 ਮੈਚ ਜਿੱਤੇ ਹਨ ਅਤੇ ਉਸ ਦੇ 12 ਅੰਕ ਹਨ। ਲਖਨਊ 7ਵੇਂ ਨੰਬਰ ‘ਤੇ ਹੈ।
ਦਿੱਲੀ ਖ਼ਿਲਾਫ਼ ਮਿਲੀ ਇਸ ਕਰਾਰੀ ਹਾਰ ਨੇ ਲਖਨਊ ਦੀ ਟੀਮ ਦਾ ਗਣਿਤ ਵੀ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ। ਇਹੀ ਕਾਰਨ ਹੈ ਕਿ ਆਖਰੀ ਮੈਚ ਜਿੱਤਣ ਦੇ ਬਾਵਜੂਦ ਲਖਨਊ ਦੀ ਟੀਮ ਲਈ ਪਲੇਆਫ ‘ਚ ਜਾਣਾ ਮੁਸ਼ਕਿਲ ਹੈ। ਇਸ ਦਾ ਕਾਰਨ ਵੀ ਉਸਦੀ ਖਰਾਬ ਨੈੱਟ ਰਨ ਰੇਟ -0.787 ਹੈ।
ਮੌਜੂਦਾ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਗਿਆ, ਜਿਸ ਵਿੱਚ ਦਿੱਲੀ ਕੈਪੀਟਲਜ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 209 ਦੌੜਾਂ ਦਾ ਟੀਚਾ ਰੱਖਿਆ। ਜਵਾਬ ‘ਚ ਲਖਨਊ ਦੀ ਟੀਮ 9 ਵਿਕਟਾਂ ‘ਤੇ 189 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਲਖਨਊ ਲਈ ਨਿਕੋਲਸ ਪੂਰਨ ਨੇ 27 ਗੇਂਦਾਂ ‘ਚ ਸਭ ਤੋਂ ਵੱਧ 61 ਦੌੜਾਂ ਬਣਾਈਆਂ।
ਅੰਤ ‘ਚ ਤੇਜ਼ ਗੇਂਦਬਾਜ਼ ਆਲਰਾਊਂਡਰ ਅਰਸ਼ਦ ਖਾਨ ਨੇ 33 ਗੇਂਦਾਂ ‘ਤੇ 58 ਦੌੜਾਂ ਦੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਪਰ ਲਖਨਊ ਦੀ ਟੀਮ ਨੂੰ ਕੋਈ ਵੀ ਮੈਚ ਨਹੀਂ ਦਿਵਾ ਸਕਿਆ। ਇਸ ਟੀਮ ਦੀ ਇਹ ਲਗਾਤਾਰ ਤੀਜੀ ਹਾਰ ਹੈ। ਦੂਜੇ ਪਾਸੇ ਦਿੱਲੀ ਲਈ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਖਲੀਲ ਅਹਿਮਦ, ਅਕਸ਼ਰ ਪਟੇਲ, ਮੁਕੇਸ਼ ਕੁਮਾਰ, ਟ੍ਰਿਸਟਨ ਸਟੱਬਸ ਅਤੇ ਕੁਲਦੀਪ ਯਾਦਵ ਨੂੰ 1-1 ਵਿਕਟ ਮਿਲੀ।