- ਓਮਰਜ਼ਈ ਨੇ 5 ਵਿਕਟਾਂ ਲਈਆਂ, ਜ਼ਦਰਾਨ ਨੇ 177 ਦੌੜਾਂ ਬਣਾਈਆਂ; ਰੂਟ ਦਾ ਵੀ ਸੈਂਕੜਾ
ਨਵੀਂ ਦਿੱਲੀ, 27 ਫਰਵਰੀ 2025 – ਅਫਗਾਨਿਸਤਾਨ ਨੇ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ ਤੋਂ ਬਾਹਰ ਕਰ ਦਿੱਤਾ ਹੈ। ਬੁੱਧਵਾਰ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 7 ਵਿਕਟਾਂ ਗੁਆ ਕੇ 325 ਦੌੜਾਂ ਬਣਾਈਆਂ। ਇੰਗਲੈਂਡ ਦੀ ਟੀਮ 49.5 ਓਵਰਾਂ ਵਿੱਚ 317 ਦੌੜਾਂ ‘ਤੇ ਆਲ ਆਊਟ ਹੋ ਗਈ।
ਅਫਗਾਨਿਸਤਾਨ ਵੱਲੋਂ ਅਜ਼ਮਤੁੱਲਾ ਉਮਰਜ਼ਈ ਨੇ 5 ਵਿਕਟਾਂ ਲਈਆਂ, ਉਸਨੇ ਆਖਰੀ ਓਵਰ ਵਿੱਚ 13 ਦੌੜਾਂ ਦਾ ਬਚਾਅ ਵੀ ਕੀਤਾ। ਓਪਨਰ ਇਬਰਾਹਿਮ ਜ਼ਦਰਾਨ ਨੇ 177 ਦੌੜਾਂ ਬਣਾਈਆਂ, ਜੋ ਕਿ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਹੈ। ਇੰਗਲੈਂਡ ਵੱਲੋਂ ਜੋਅ ਰੂਟ ਨੇ 120 ਦੌੜਾਂ ਬਣਾਈਆਂ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਅਫਗਾਨਿਸਤਾਨ ਨੇ 37 ਦੌੜਾਂ ‘ਤੇ 3 ਵਿਕਟਾਂ ਗੁਆ ਦਿੱਤੀਆਂ। ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਦਰਾਨ ਨੇ ਪਾਰੀ ਨੂੰ ਸੰਭਾਲਿਆ, ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨਾਲ 103 ਦੌੜਾਂ, ਅਜ਼ਮਤੁੱਲਾ ਓਮਰਜ਼ਈ ਨਾਲ 72 ਦੌੜਾਂ ਅਤੇ ਮੁਹੰਮਦ ਨਬੀ ਨਾਲ 111 ਦੌੜਾਂ ਦੀ ਸਾਂਝੇਦਾਰੀ ਕੀਤੀ। ਜਾਦਰਾਨ ਨੇ 177 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਦੇ ਸਕੋਰ ਨੂੰ 320 ਤੋਂ ਪਾਰ ਲੈ ਗਏ।

ਇੰਗਲੈਂਡ ਕਿਵੇਂ ਹੋਇਆ ਬਾਹਰ ?
ਗਰੁੱਪ ਬੀ ਵਿੱਚ 4 ਟੀਮਾਂ ਹਨ, ਆਸਟ੍ਰੇਲੀਆ, ਦੱਖਣੀ ਅਫਰੀਕਾ, ਅਫਗਾਨਿਸਤਾਨ ਅਤੇ ਇੰਗਲੈਂਡ। ਇੱਕ ਗਰੁੱਪ ਵਿੱਚੋਂ ਸਿਰਫ਼ 2 ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ। ਸਾਰੀਆਂ ਟੀਮਾਂ ਦੇ 2-2 ਮੈਚ ਖੇਡਣ ਤੋਂ ਬਾਅਦ, ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ 3-3 ਅੰਕਾਂ ਨਾਲ ਚੋਟੀ ਦੇ 2 ਸਥਾਨਾਂ ‘ਤੇ ਹਨ।
ਅਫਗਾਨਿਸਤਾਨ ਨੇ ਇੰਗਲੈਂਡ ਨੂੰ ਹਰਾ ਕੇ 2 ਅੰਕ ਪ੍ਰਾਪਤ ਕੀਤੇ, ਟੀਮ ਤੀਜੇ ਸਥਾਨ ‘ਤੇ ਹੈ। ਇੰਗਲੈਂਡ ਇੱਕ ਵੀ ਮੈਚ ਨਹੀਂ ਜਿੱਤ ਸਕਿਆ, ਦੱਖਣੀ ਅਫਰੀਕਾ ਖਿਲਾਫ ਆਖਰੀ ਮੈਚ ਜਿੱਤਣ ਤੋਂ ਬਾਅਦ ਵੀ ਟੀਮ ਸਿਰਫ 2 ਅੰਕਾਂ ਤੱਕ ਹੀ ਪਹੁੰਚ ਸਕੇਗੀ। ਜੋ ਕਿ ਟਾਪ-2 ਸਥਾਨ ‘ਤੇ ਪਹੁੰਚਣ ਲਈ ਕਾਫ਼ੀ ਨਹੀਂ ਹੈ। ਦੂਜੇ ਪਾਸੇ, ਜੇਕਰ ਅਫਗਾਨਿਸਤਾਨ ਆਖਰੀ ਮੈਚ ਵਿੱਚ ਆਸਟ੍ਰੇਲੀਆ ਨੂੰ ਹਰਾ ਦਿੰਦਾ ਹੈ ਤਾਂ ਟੀਮ ਸੈਮੀਫਾਈਨਲ ਵਿੱਚ ਪਹੁੰਚ ਜਾਵੇਗੀ।
