ਪੱਛਮੀ ਬੰਗਾਲ, 19 ਜੁਲਾਈ 2025 – ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਅਤੇ ਉਨ੍ਹਾਂ ਦੀ ਧੀ ਅਰਸ਼ੀ ਜਹਾਂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਆਪਣੇ ਗੁਆਂਢੀਆਂ ਨਾਲ ਜ਼ਮੀਨੀ ਵਿਵਾਦ ਕਾਰਨ ਹਸੀਨ ਜਹਾਂ ‘ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਹਸੀਨ ਅਤੇ ਉਸਦੀ ਧੀ ਅਰਸ਼ੀ ਵਿਰੁੱਧ ਭਾਰਤੀ ਦੰਡ ਸੰਹਿਤਾ ਦੀ ਧਾਰਾ 307 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਹਸੀਨ ਅਤੇ ਗੁਆਂਢੀ ਡਾਲੀਆ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਸੀ। ਬੀਰਭੂਮ ਜ਼ਿਲ੍ਹੇ ਦੇ ਸੂਰੀ ਨਗਰਪਾਲਿਕਾ ਦੇ ਵਾਰਡ ਨੰਬਰ 5 ਦੇ ਸੋਨਾਟਰ ਖੇਤਰ ਵਿੱਚ ਇੱਕ ਜ਼ਮੀਨ ਹੈ, ਜੋ ਅਰਸ਼ੀ ਦੇ ਨਾਮ ‘ਤੇ ਹੈ। ਡਾਲੀਆ ਦਾ ਦਾਅਵਾ ਹੈ ਕਿ ਇਹ ਜ਼ਮੀਨ ਵਿਵਾਦਤ ਹੈ। ਜਦੋਂ ਹਸੀਨ ਨੇ ਉਸ ਜ਼ਮੀਨ ‘ਤੇ ਉਸਾਰੀ ਸ਼ੁਰੂ ਕੀਤੀ ਤਾਂ ਦੋਵਾਂ ਧਿਰਾਂ ਵਿਚਕਾਰ ਲੜਾਈ ਹੋ ਗਈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ, ਹਸੀਨ ਨੂੰ ਕਾਲੀ ਟੀ-ਸ਼ਰਟ ਅਤੇ ਜੀਨਸ ਪਹਿਨੇ ਡਾਲੀਆ ਨਾਲ ਲੜਦੇ ਦੇਖਿਆ ਜਾ ਸਕਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਝਗੜੇ ਵਿੱਚ ਡਾਲੀਆ ਦੇ ਸਿਰ ਵਿੱਚ ਸੱਟਾਂ ਲੱਗੀਆਂ ਅਤੇ ਉਸਨੂੰ ਸੂਰੀ ਸਦਰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਹੈ।
ਡਾਲੀਆ ਨੇ ਦੋਸ਼ ਲਗਾਇਆ ਕਿ ਹਸੀਨ ਅਤੇ ਉਸਦੀ ਧੀ ਨੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਹਸੀਨ ਅਤੇ ਅਰਸ਼ੀ ਵਿਰੁੱਧ ਸੂਰੀ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਹਸੀਨ ਜਹਾਂ ਅਤੇ ਉਸਦੀ ਧੀ ਕਥਿਤ ਤੌਰ ‘ਤੇ ਜ਼ਮੀਨ ਦੇ ਇੱਕ ਟੁਕੜੇ ‘ਤੇ ਨਾਜਾਇਜ਼ ਕਬਜ਼ਾ ਕਰ ਰਹੀਆਂ ਸਨ। ਜਦੋਂ ਗੁਆਂਢੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਧਿਰਾਂ ਵਿਚਕਾਰ ਲੜਾਈ ਹੋ ਗਈ। ਇਸ ਦੌਰਾਨ ਹਸੀਨ ਜਹਾਂ ਦੀ ਇੱਕ ਔਰਤ ਨਾਲ ਝੜਪ ਹੋ ਗਈ, ਜਿਸਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਉੱਥੇ ਹੀ ਹਸੀਨ ਨੇ ਵੀ ਇੱਕ ਸਥਾਨਕ ਤ੍ਰਿਣਮੂਲ ਕੌਂਸਲਰ ਦੇ ਪਤੀ ਕਾਜ਼ੀ ਫਰਜ਼ੂਦੀਨ ਵਿਰੁੱਧ ਵੀ ਜਵਾਬੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਇਰਲ ਵੀਡੀਓ ਅਤੇ ਗਵਾਹਾਂ ਦੇ ਬਿਆਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਸਥਾਨਕ ਲੋਕਾਂ ਨੇ ਹਸੀਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਦੋਸ਼ ਲਗਾਇਆ ਹੈ ਕਿ ਉਹ ਗੁਆਂਢੀਆਂ ਨੂੰ ਧਮਕੀ ਦਿੰਦੀ ਹੈ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੀ ਹੈ। ਹਸੀਨ ਨੇ ਅਜੇ ਤੱਕ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
