- ਸੂਰਿਆ ਦੀ ਕਪਤਾਨੀ ਅਤੇ ਗੰਭੀਰ ਦੀ ਕੋਚਿੰਗ ਹੇਠ ਟੀਮ ਇੰਡੀਆ ਦਾ ਪਹਿਲਾ ਦੌਰਾ
ਨਵੀਂ ਦਿੱਲੀ, 27 ਜੁਲਾਈ 2024 – ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਪੱਲੇਕੇਲੇ ‘ਚ ਖੇਡਿਆ ਜਾਵੇਗਾ। ਸ਼੍ਰੀਲੰਕਾ ਦੌਰੇ ਲਈ ਟੀਮ ਇੰਡੀਆ ਨਵੇਂ ਕੋਚ ਗੌਤਮ ਗੰਭੀਰ ਦੀ ਅਗਵਾਈ ‘ਚ ਸ਼੍ਰੀਲੰਕਾ ਪਹੁੰਚ ਗਈ ਹੈ। 27 ਜੁਲਾਈ ਤੋਂ 7 ਅਗਸਤ ਤੱਕ ਚੱਲਣ ਵਾਲੇ ਇਸ ਦੌਰੇ ‘ਚ ਟੀਮ ਇੰਡੀਆ 3-3 ਮੈਚਾਂ ਦੀ ਟੀ-20 ਅਤੇ ਵਨਡੇ ਸੀਰੀਜ਼ ਖੇਡੇਗੀ।
ਇਸ ਨਾਲ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਦੇ ਸੰਨਿਆਸ ਤੋਂ ਬਾਅਦ ਟੀਮ ਇੰਡੀਆ ਦਾ ਮਿਸ਼ਨ 2026 ਨਵੇਂ ਕਪਤਾਨ ਸੂਰਿਆਕੁਮਾਰ ਯਾਦਵ ਦੀ ਅਗਵਾਈ ‘ਚ ਸ਼ੁਰੂ ਹੋਵੇਗਾ। ਅੱਜ ਪਹਿਲਾ ਮੈਚ ਸ਼੍ਰੀਲੰਕਾ ਦੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਭਾਰਤੀ ਸਮੇਂ ਅਨੁਸਾਰ ਸ਼ਾਮ 7:00 ਵਜੇ ਸ਼ੁਰੂ ਹੋਵੇਗਾ ਅਤੇ ਟਾਸ- 6:30 ਵਜੇ ਹੋਵੇਗਾ।
ਟੀ-20 ਵਿਸ਼ਵ ਕੱਪ ਜਿੱਤਣ ਦੇ ਤੁਰੰਤ ਬਾਅਦ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਇਸ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਸੀ। ਇੱਕ ਦਿਨ ਬਾਅਦ ਰਵਿੰਦਰ ਜਡੇਜਾ ਨੇ ਵੀ ਕ੍ਰਿਕਟ ਦੇ ਇਸ ਫਾਰਮੈਟ ਤੋਂ ਸੰਨਿਆਸ ਲੈ ਲਿਆ। ਅਜਿਹੇ ‘ਚ 3 ਦਿੱਗਜ ਖਿਡਾਰੀਆਂ ਦੇ ਜਾਣ ਤੋਂ ਬਾਅਦ ਟੀਮ ਇੰਡੀਆ ਦਾ ਇਹ ਪਹਿਲਾ ਵੱਡਾ ਦੌਰਾ ਹੈ। ਇਸ ਤੋਂ ਪਹਿਲਾਂ ਟੀਮ ਸ਼ੁਭਮਨ ਗਿੱਲ ਦੀ ਕਪਤਾਨੀ ‘ਚ ਜ਼ਿੰਬਾਬਵੇ ਗਈ ਸੀ ਜਿੱਥੇ 5 ਮੈਚਾਂ ਦੀ ਸੀਰੀਜ਼ ‘ਚ 4-1 ਨਾਲ ਜਿੱਤ ਦਰਜ ਕਰਨ ‘ਚ ਸਫਲ ਰਹੀ ਸੀ।

