ਗਵਾਲੀਅਰ, 6 ਅਕਤੂਬਰ 2024 – ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਅਦ ਅੱਜ ਤੋਂ ਟੀ-20 ਸੀਰੀਜ਼ ਸ਼ੁਰੂ ਹੋ ਰਹੀ ਹੈ। ਮੈਚ ਗਵਾਲੀਅਰ ਦੇ ਨਵੇਂ ਬਣੇ ਮਾਧਵਰਾਵ ਸਿੰਧੀਆ ਸਟੇਡੀਅਮ ‘ਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਸ਼ਹਿਰ ‘ਚ 14 ਸਾਲ ਬਾਅਦ ਅੰਤਰਰਾਸ਼ਟਰੀ ਮੈਚ ਹੋਵੇਗਾ, ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਆਖਰੀ ਵਨਡੇ ਇੱਥੇ 2010 ‘ਚ ਖੇਡਿਆ ਗਿਆ ਸੀ।
ਭਾਰਤ ਦੇ ਆਲਰਾਊਂਡਰ ਸ਼ਿਵਮ ਦੂਬੇ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹਨ। ਉਨ੍ਹਾਂ ਦੀ ਜਗ੍ਹਾ ਬੱਲੇਬਾਜ਼ ਤਿਲਕ ਵਰਮਾ ਟੀਮ ‘ਚ ਸ਼ਾਮਲ ਹੋਏ। ਸੂਰਿਆਕੁਮਾਰ ਯਾਦਵ ਟੀ-20 ‘ਚ ਫੁੱਲ ਟਾਈਮ ਕਪਤਾਨ ਬਣਨ ਤੋਂ ਬਾਅਦ ਪਹਿਲੀ ਵਾਰ ਭਾਰਤ ਦੀ ਕਪਤਾਨੀ ਕਰਨਗੇ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਨੂੰ ਬੰਗਲਾਦੇਸ਼ ਤੋਂ ਸਿਰਫ਼ ਇੱਕ ਮੈਚ ਵਿੱਚ ਹਾਰ ਮਿਲੀ ਹੈ। ਭਾਰਤ ਨੇ 13 ਅਤੇ ਬੰਗਲਾਦੇਸ਼ ਸਿਰਫ ਇੱਕ ਮੈਚ ਜਿੱਤਿਆ ਹੈ। ਟੀਮ ਨੂੰ ਇਹ ਜਿੱਤ 2019 ਵਿੱਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਮਿਲੀ ਸੀ। ਦੋਵਾਂ ਵਿਚਾਲੇ ਭਾਰਤ ‘ਚ 4 ਮੈਚ ਹੋਏ ਹਨ, ਜਿਨ੍ਹਾਂ ‘ਚ ਭਾਰਤ ਨੇ 3 ਅਤੇ ਬੰਗਲਾਦੇਸ਼ ਨੇ ਇਕ ਜਿੱਤਿਆ ਹੈ।