ਨਵੀਂ ਦਿੱਲੀ, 8 ਨਵੰਬਰ 2024 – ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਡਰਬਨ ‘ਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਕਿੰਗਸਮੀਡ ਕ੍ਰਿਕਟ ਮੈਦਾਨ ‘ਤੇ ਸ਼ੁਰੂ ਹੋਵੇਗਾ। ਟਾਸ ਰਾਤ 8 ਵਜੇ ਹੋਵੇਗਾ।
ਟੀਮ ਇੰਡੀਆ ਇਸ ਸਾਲ ਜੂਨ ‘ਚ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਦੱਖਣੀ ਅਫਰੀਕਾ ਨੂੰ ਹਰਾ ਕੇ ਚੈਂਪੀਅਨ ਬਣੀ ਸੀ। ਫਾਈਨਲ ਤੋਂ ਬਾਅਦ ਦੱਖਣੀ ਅਫਰੀਕਾ ਅਤੇ ਭਾਰਤ ਦੀਆਂ ਟੀਮਾਂ ਪਹਿਲੀ ਵਾਰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ।
ਭਾਰਤ ਦੱਖਣੀ ਅਫਰੀਕਾ ਦੇ ਖਿਲਾਫ ਮਜ਼ਬੂਤ ਹੈ ਹੁਣ ਤੱਕ ਦੋਵਾਂ ਵਿਚਾਲੇ 27 ਟੀ-20 ਮੈਚ ਖੇਡੇ ਗਏ ਹਨ। ਇਸ ‘ਚ ਭਾਰਤ ਨੇ 15 ਅਤੇ ਦੱਖਣੀ ਅਫਰੀਕਾ ਨੇ 11 ਜਿੱਤੇ ਹਨ। ਜਦਕਿ ਇੱਕ ਮੈਚ ਬੇ-ਨਤੀਜਾ ਰਿਹਾ ਹੈ। ਭਾਰਤ ਨੇ ਪਿਛਲੀ ਵਾਰ 2023 ਵਿੱਚ ਟੀ-20 ਸੀਰੀਜ਼ ਲਈ ਦੱਖਣੀ ਅਫਰੀਕਾ ਦਾ ਦੌਰਾ ਕੀਤਾ ਸੀ, ਜਿੱਥੇ ਦੋਵਾਂ ਟੀਮਾਂ ਨੇ 1-1 ਦੀ ਸੀਰੀਜ਼ ਡਰਾਅ ਖੇਡੀ ਸੀ, ਜਦੋਂ ਕਿ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਦੋਵਾਂ ਵਿਚਾਲੇ ਹੁਣ ਤੱਕ 9 ਟੀ-20 ਸੀਰੀਜ਼ ਖੇਡੀਆਂ ਗਈਆਂ ਹਨ, ਜਿਸ ‘ਚ ਭਾਰਤ ਨੇ 4 ਅਤੇ ਦੱਖਣੀ ਅਫਰੀਕਾ ਨੇ 2 ਜਿੱਤੀਆਂ ਹਨ। ਜਦਕਿ 3 ਸੀਰੀਜ਼ ਡਰਾਅ ਰਹੀਆਂ ਹਨ।
ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਇਸ ਸਾਲ ਟੀ-20 ਵਿੱਚ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ 14 ਮੈਚਾਂ ਵਿੱਚ 400 ਤੋਂ ਵੱਧ ਦੌੜਾਂ ਬਣਾਈਆਂ ਹਨ। ਇਨ੍ਹਾਂ ‘ਚ 4 ਫਿਫਟੀਆਂ ਸ਼ਾਮਲ ਹਨ। ਜਦੋਂ ਕਿ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਸ ਨੇ 14 ਮੈਚਾਂ ‘ਚ 28 ਵਿਕਟਾਂ ਲਈਆਂ ਹਨ।