- ਦੋਵਾਂ ਟੀਮਾਂ ਵਿਚਾਲੇ ਖੇਡੀ ਜਾਣੀ ਹੈ 5 ਮੈਚਾਂ ਦੀ ਟੀ-20 ਸੀਰੀਜ਼
ਨਵੀਂ ਦਿੱਲੀ, 6 ਜੁਲਾਈ 2024 – ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ 5 ਮੈਚਾਂ ਦੀ ਟੀ-20 ਸੀਰੀਜ਼ ਖੇਡਣ ਲਈ ਜ਼ਿੰਬਾਬਵੇ ਪਹੁੰਚ ਗਈ ਹੈ। ਦੋਵੇਂ ਟੀਮਾਂ ਸ਼ਨੀਵਾਰ ਨੂੰ ਹਰਾਰੇ ਸਪੋਰਟਸ ਕਲੱਬ ‘ਚ ਪਹਿਲੇ ਟੀ-20 ਮੈਚ ‘ਚ ਆਹਮੋ-ਸਾਹਮਣੇ ਹੋਣਗੀਆਂ, ਅੰਕੜਿਆਂ ‘ਚ ਭਾਰਤੀ ਟੀਮ ਮੇਜ਼ਬਾਨ ਜ਼ਿੰਬਾਬਵੇ ਤੋਂ ਅੱਗੇ ਹੈ। ਹਾਲਾਂਕਿ ਟੀਮ ਇੰਡੀਆ ਦੀ ਇਸ ਟੀਮ ‘ਚ ਸ਼ਾਮਲ ਖਿਡਾਰੀ ਨੌਜਵਾਨ ਹਨ। ਰਿਆਨ ਪਰਾਗ, ਅਭਿਸ਼ੇਕ ਸ਼ਰਮਾ ਅਤੇ ਤੁਸ਼ਾਰ ਦੇਸ਼ਪਾਂਡੇ ਇਸ ਦੌਰੇ ‘ਤੇ ਆਪਣਾ ਅੰਤਰਰਾਸ਼ਟਰੀ ਡੈਬਿਊ ਕਰ ਸਕਦੇ ਹਨ। ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਦੋਵੇਂ ਟੀਮਾਂ 8 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਸ ‘ਚ ਭਾਰਤ ਨੇ 6 ਮੈਚ ਜਿੱਤੇ ਹਨ ਜਦਕਿ ਜ਼ਿੰਬਾਬਵੇ ਨੇ 2 ਮੈਚ ਜਿੱਤੇ ਹਨ।
ਜ਼ਿੰਬਾਬਵੇ ਵਿੱਚ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ। ਟੀਮ ਇੰਡੀਆ ਅਜੇ ਤੱਕ ਉੱਥੇ ਕੋਈ ਵੀ ਟੀ-20 ਸੀਰੀਜ਼ ਨਹੀਂ ਹਾਰੀ ਹੈ। 2015 ‘ਚ ਦੋਵਾਂ ਟੀਮਾਂ ਵਿਚਾਲੇ ਖੇਡੀ ਗਈ ਦੋ ਮੈਚਾਂ ਦੀ ਸੀਰੀਜ਼ 1-1 ਨਾਲ ਡਰਾਅ ਰਹੀ ਸੀ। ਜਦਕਿ 2010 ‘ਚ ਭਾਰਤੀ ਟੀਮ ਨੇ ਜ਼ਿੰਬਾਬਵੇ ‘ਚ 2 ਮੈਚਾਂ ਦੀ ਸੀਰੀਜ਼ ‘ਚ ਮੇਜ਼ਬਾਨ ਟੀਮ ਨੂੰ 2-0 ਨਾਲ ਹਰਾਇਆ ਸੀ।
ਦੋਵਾਂ ਟੀਮਾਂ ਵਿਚਾਲੇ ਆਖਰੀ ਟੀ-20 ਸੀਰੀਜ਼ 2016 ‘ਚ ਖੇਡੀ ਗਈ ਸੀ। ਉਸ ਸਮੇਂ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਸਨ। ਭਾਰਤ ਸੀਰੀਜ਼ ਦੇ ਪਹਿਲੇ ਮੈਚ ਵਿੱਚ ਹਾਰ ਗਿਆ ਸੀ। ਪਰ ਇਸ ਤੋਂ ਬਾਅਦ ਟੀਮ ਇੰਡੀਆ ਨੇ ਵਾਪਸੀ ਕੀਤੀ ਅਤੇ ਆਖਰੀ ਦੋ ਮੈਚ ਜਿੱਤ ਕੇ ਸੀਰੀਜ਼ 2-1 ਨਾਲ ਜਿੱਤ ਲਈ। ਜ਼ਿੰਬਾਬਵੇ ਦੀ ਕਪਤਾਨੀ 38 ਸਾਲਾ ਆਲਰਾਊਂਡਰ ਸਿਕੰਦਰ ਰਜ਼ਾ ਕਰਨਗੇ। ਮੌਜੂਦਾ ਸੀਰੀਜ਼ ਦੇ ਸਾਰੇ ਪੰਜ ਟੀ-20 ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 4:30 ਵਜੇ ਹਰਾਰੇ ‘ਚ ਖੇਡੇ ਜਾਣਗੇ।