- ਭਾਰਤ ਨੇ ਦੱਖਣੀ ਅਫਰੀਕਾ ਵਿੱਚ ਸਿਰਫ 17% ਮੈਚ ਜਿੱਤੇ
- ਮੈਚ ਦੁਪਹਿਰ 1:30 ਵਜੇ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ਮੈਦਾਨ ‘ਤੇ ਖੇਡਿਆ ਜਾਵੇਗਾ
ਨਵੀਂ ਦਿੱਲੀ, 26 ਦਸੰਬਰ 2023 – ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਤੋਂ ਸੈਂਚੁਰੀਅਨ ‘ਚ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 1:30 ਵਜੇ ਸੁਪਰਸਪੋਰਟ ਪਾਰਕ ਮੈਦਾਨ ‘ਤੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1 ਵਜੇ ਹੋਵੇਗਾ।
ਭਾਰਤੀ ਟੀਮ ਦੱਖਣੀ ਅਫਰੀਕਾ ‘ਚ ਹੁਣ ਤੱਕ ਇਕ ਵੀ ਟੈਸਟ ਸੀਰੀਜ਼ ਨਹੀਂ ਜਿੱਤ ਸਕੀ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਫਾਈਨਲ ਵਿੱਚ ਪਹੁੰਚਣ ਲਈ ਦੋਵਾਂ ਟੀਮਾਂ ਲਈ ਇਹ ਲੜੀ ਮਹੱਤਵਪੂਰਨ ਹੈ।
ਟੀਮ ਇੰਡੀਆ ਨੇ ਇੰਗਲੈਂਡ, ਨਿਊਜ਼ੀਲੈਂਡ, ਵੈਸਟਇੰਡੀਜ਼ ਅਤੇ ਏਸ਼ੀਆ ਦੇ ਸਾਰੇ ਦੇਸ਼ਾਂ ‘ਚ ਟੈਸਟ ਸੀਰੀਜ਼ ਜਿੱਤੀਆਂ ਹਨ। ਭਾਰਤ ਨੂੰ ਆਸਟ੍ਰੇਲੀਆ ‘ਚ ਦੋ ਵਾਰ ਸਫਲਤਾ ਮਿਲੀ ਹੈ, ਪਰ ਟੀਮ ਦੱਖਣੀ ਅਫਰੀਕਾ ‘ਚ ਅੱਜ ਤੱਕ ਭਾਰਤੀ ਟੀਮ ਕੋਈ ਸੀਰੀਜ਼ ਨਹੀਂ ਜਿੱਤ ਸਕੀ ਹੈ।
ਟੀਮ ਇੰਡੀਆ ਨੇ ਦੱਖਣੀ ਅਫਰੀਕਾ ‘ਚ 8 ਸੀਰੀਜ਼ ਖੇਡੀਆਂ, ਪਹਿਲੀਆਂ 4 ਸੀਰੀਜ਼ ‘ਚ ਇਕਤਰਫਾ ਹਾਰ ਮਿਲੀ। 2010 ‘ਚ ਪਹਿਲੀ ਵਾਰ ਸੀਰੀਜ਼ ਡਰਾਅ ਰਹੀ ਸੀ ਅਤੇ 2013 ਤੋਂ 2021 ਤੱਕ ਟੀਮ ਇੰਡੀਆ ਤਿੰਨ ਵਾਰ ਸੀਰੀਜ਼ ਜਿੱਤਣ ਦੇ ਨੇੜੇ ਪਹੁੰਚੀ ਸੀ ਪਰ ਤਿੰਨਾਂ ‘ਚ ਟੀਮ ਹਾਰ ਗਈ ਸੀ। ਭਾਰਤ ਨੇ ਇੱਥੇ ਕੁੱਲ 23 ਟੈਸਟ ਖੇਡੇ ਅਤੇ ਟੀਮ ਨੇ ਸਿਰਫ 4 ਟੈਸਟ ਜਿੱਤੇ ਭਾਵ 17.39% ਮੈਚ। ਟੀਮ ਨੇ 12 ਟੈਸਟ ਹਾਰੇ, ਜਦਕਿ 7 ਮੈਚ ਡਰਾਅ ਰਹੇ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੁਣ ਤੱਕ ਕੁੱਲ 15 ਟੈਸਟ ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ। ਭਾਰਤ ਨੇ ਇਨ੍ਹਾਂ ‘ਚੋਂ 4 ‘ਚ ਜਿੱਤ ਦਰਜ ਕੀਤੀ, ਜਦਕਿ ਦੱਖਣੀ ਅਫਰੀਕਾ ਨੇ 8 ਜਿੱਤੇ ਅਤੇ 3 ਸੀਰੀਜ਼ ਡਰਾਅ ਰਹੀਆਂ ਹਨ। ਦੋਵਾਂ ਟੀਮਾਂ ਵਿਚਾਲੇ ਕੁੱਲ 42 ਟੈਸਟ ਖੇਡੇ ਗਏ। ਭਾਰਤ ਨੇ 15 ਅਤੇ ਦੱਖਣੀ ਅਫਰੀਕਾ ਨੇ 17 ਮੈਚ ਜਿੱਤੇ, ਜਦਕਿ 10 ਟੈਸਟ ਡਰਾਅ ਰਹੇ।
ਭਾਰਤੀ ਟੀਮ ਤਿੰਨਾਂ ਫਾਰਮੈਟਾਂ ਦੀ ਸੀਰੀਜ਼ ਲਈ ਦੱਖਣੀ ਅਫਰੀਕਾ ਦੌਰੇ ‘ਤੇ ਹੈ। ਇਸ ਦੀ ਸ਼ੁਰੂਆਤ ਟੀ-20 ਸੀਰੀਜ਼ ਨਾਲ ਹੋਈ ਸੀ। ਤਿੰਨ ਮੈਚਾਂ ਦੀ ਇਹ ਲੜੀ 1-1 ਨਾਲ ਡਰਾਅ ਰਹੀ। ਇਸ ਤੋਂ ਬਾਅਦ ਵਨਡੇ ਸੀਰੀਜ਼ ਖੇਡੀ ਗਈ, ਜਿਸ ਨੂੰ ਟੀਮ ਇੰਡੀਆ ਨੇ 2-1 ਨਾਲ ਜਿੱਤ ਲਿਆ ਸੀ।