- ਪਾਠ ਦਾ ਭੋਗ 3 ਜਨਵਰੀ ਨੂੰ
ਚੰਡੀਗੜ੍ਹ 2 ਜਨਵਰੀ 2021 – ਉੱਘੇ ਫੁੱਟਬਾਲ ਕੋਚ ਤੇ ਸਮਾਜ ਸੇਵੀ ਸ. ਨਾਮ ਨਰਾਇਣ ਸਿੰਘ ਮਾਂਗਟ ਬੀਤੀ 24 ਦਸੰਬਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਪਰ ਉਨ੍ਹਾਂ ਦਾ ਅਕਾਲ ਚਲਾਣਾ ਫੁੱਟਬਾਲ ਜਗਤ ਲਈ ਇੱਕ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਪੁਆਧ ਦੇ ਇਲਾਕੇ ਵਿੱਚ ਫੁੱਟਬਾਲ ਖੇਡ ਨੂੰ ਹਰਮਨ ਪਿਆਰੀ ਬਣਾਉਣ ਲਈ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਇਲਾਕੇ ਦੇ ਖਿਡਾਰੀ ਉਨ੍ਹਾਂ ਤੋਂ ਫੁੱਟਬਾਲ ਕੋਚਿੰਗ ਦੇ ਗੁਰ ਸਿੱਖਣ ਲਈ ਉਤਾਵਲੇ ਰਹਿੰਦੇ ਸਨ।
ਉਹ ਆਪਣੇ ਪਿੱਛੇ ਸੁਪਤਨੀ ਰਾਜਿੰਦਰ ਕੌਰ ਨੂੰ ਛੱਡ ਗਏ ਹਨ। ਉਨ੍ਹਾਂ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਕੁਰਾਲੀ ਵਿਖੇ 3 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।
ਸ. ਮਾਂਗਟ ਦਾ ਜਨਮ ਪਾਕਿਸਤਾਨ ਵਿੱਚ ਪਿਤਾ ਕੈਪਟਨ ਸੰਤ ਸਿੰਘ ਅਤੇ ਮਾਤਾ ਗੁਰਨਾਮ ਕੌਰ ਦੇ ਘਰ 10-04-1933 ਨੂੰ ਹੋਇਆ। ਖ਼ਾਲਸਾ ਸਕੂਲ ਕੁਰਾਲੀ ਤੋਂ ਦਸਵੀਂ ਕਰਨ ਉਪਰੰਤ ਉੱਚ ਪੱਧਰੀ ਸਿੱਖਿਆ ਸਰਕਾਰੀ ਕਾਲਜ ਰੋਪੜ ਤੋਂ ਪ੍ਰਾਪਤ ਕੀਤੀ। ਉਪਰੰਤ ਡੀਪੀਐੱਡ ਦੀ ਪੜ੍ਹਾਈ ਵਾਈਐਮਸੀਏ ਮਦਰਾਸ (1963-64) ਅਤੇ ਕੋਚਿੰਗ ਦਾ ਡਿਪਲੋਮਾ ਐਨਆਈਐਸ ਪਟਿਆਲਾ ਤੋਂ (1959-60) ਹਾਸਲ ਕੀਤਾ।
ਉਨ੍ਹਾਂ ਨੇ ਖਾਲਸਾ ਸਕੂਲ ਕੁਰਾਲੀ ਵਿਚ 29 ਸਾਲ (1962-1991) ਨੌਕਰੀ ਕੀਤੀ ਜਿੱਥੇ ਉਨ੍ਹਾਂ ਦੀ ਟੀਮ ਨੇ ਪੰਜਾਬ ਤੇ ਪੰਜਾਬ ਤੋਂ ਬਾਹਰ ਬਹੁਤ ਸਾਰੇ ਟੂਰਨਾਮੈਂਟ ਜਿੱਤੇ। ਸ. ਨਾਮ ਨਾਰਾਇਣ ਸਿੰਘ ਨੂੰ ਇਸ ਖਿੱਤੇ ਵਿੱਚ ਫੁੱਟਬਾਲ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਮੁਹਾਲੀ ਤੇ ਰੋਪੜ ਜ਼ਿਲ੍ਹੇ ਵਿੱਚ ਫੁੱਟਬਾਲ ਖੇਡ ਨੂੰ ਸਥਾਪਤ ਕਰਦਿਆਂ ਸੈਂਕੜੇ ਖਿਡਾਰੀਆਂ ਨੂੰ ਫੁੱਟਬਾਲ ਖੇਡਣ ਦੀ ਚਿਣਗ ਲਾਈ ਅਤੇ ਉਨ੍ਹਾਂ ਦੀ ਖੇਡ ਕਲਾ ਨੂੰ ਤਰਾਸ਼ਿਆ।
ਮਾਂਗਟ ਤੋਂ ਫੁੱਟਬਾਲ ਦੇ ਗੁਰ ਸਿੱਖ ਕੇ ਕਈ ਨਾਮਵਰ ਖਿਡਾਰੀ ਦੁਨੀਆਂ ਦੇ ਵੱਖ-ਵੱਖ ਖੇਤਰਾਂ ਵਿਚ ਉੱਚੇ ਅਹੁਦਿਆਂ ਉਤੇ ਬਿਰਾਜਮਾਨ ਹਨ ਜਿਨ੍ਹਾਂ ਵਿੱਚ ਪਰਮਿੰਦਰ ਸਿੰਘ ਏਸ਼ੀਅਨ ਫੁੱਟਬਾਲ ਸਟਾਰ ਵੀ ਸ਼ਾਮਲ ਹੈ। ਸ. ਮਾਂਗਟ ਜ਼ਿਲ੍ਹਾ ਰੋਪੜ ਅਤੇ ਮੁਹਾਲੀ ਦੀ ਫੁੱਟਬਾਲ ਐਸੋਸੀਏਸ਼ਨ ਦੇ ਫਾਉਂਡਰ ਸੈਕਟਰੀ ਸਨ। ਇਸ ਤੋਂ ਇਲਾਵਾ ਉਹ 18 ਸਾਲ ਪਿੰਡ ਕਕਰਾਲੀ ਦੇ ਸਰਪੰਚ ਵੀ ਰਹੇ। ਸ. ਨਾਮ ਨਰਾਇਣ ਸਿੰਘ ਵੱਲੋਂ ਫੁੱਟਬਾਲ ਅਤੇ ਸਮਾਜ ਸੇਵਾ ਵਿੱਚ ਦਿੱਤੇ ਅਣਮੁੱਲੇ ਯੋਗਦਾਨ ਕਾਰਨ ਉਹ ਹਮੇਸ਼ਾਂ ਫੁੱਟਬਾਲ ਪ੍ਰੇਮੀਆਂ ਦੇ ਦਿਲਾਂ ਵਿਚ ਵਸਦੇ ਰਹਿਣਗੇ।
ਨਾਮ ਨਰਾਇਣ ਸਿੰਘ ਦੇ ਸਦੀਵੀਂ ਵਿਛੋੜਾ ਦੇ ਜਾਣ ਉੱਤੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਮੁਹਾਲੀ, ਖਾਲਸਾ ਫੁੱਟਬਾਲ ਕਲੱਬ ਪੰਜਾਬ, ਖ਼ਾਲਸਾ ਵਾਰੀਅਰਜ਼ ਫੁੱਟਬਾਲ ਕਲੱਬ ਕੁਰਾਲੀ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੇ ਪ੍ਰਬੰਧਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।