ਅਹਿਮਦਾਬਾਦ, 11 ਮਈ 2024 – ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਮੈਚ ਨੰਬਰ-59 ਵਿੱਚ, ਗੁਜਰਾਤ ਟਾਈਟਨਸ (GT) ਨੇ ਚੇਨਈ ਸੁਪਰ ਕਿੰਗਜ਼ (CSK) ਨੂੰ 35 ਦੌੜਾਂ ਨਾਲ ਹਰਾਇਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ 10 ਮਈ (ਸ਼ੁੱਕਰਵਾਰ) ਨੂੰ ਹੋਏ ਇਸ ਮੈਚ ‘ਚ ਗੁਜਰਾਤ ਨੇ ਸੀਐੱਸਕੇ ਨੂੰ ਜਿੱਤ ਲਈ 232 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦਾ ਪਿੱਛਾ ਕਰਦਿਆਂ ਉਹ ਅੱਠ ਵਿਕਟਾਂ ‘ਤੇ 196 ਦੌੜਾਂ ਹੀ ਬਣਾ ਸਕੀ। ਮੌਜੂਦਾ ਸੀਜ਼ਨ ‘ਚ ਗੁਜਰਾਤ ਟਾਈਟਨਸ ਦੀ 12 ਮੈਚਾਂ ‘ਚ ਇਹ ਪੰਜਵੀਂ ਜਿੱਤ ਸੀ ਅਤੇ ਉਸ ਦੇ ਪਲੇਆਫ ‘ਚ ਜਾਣ ਦੀਆਂ ਉਮੀਦਾਂ ਅਜੇ ਵੀ ਬਰਕਰਾਰ ਹਨ। ਦੂਜੇ ਪਾਸੇ ਪੰਜ ਵਾਰ ਦੀ ਚੈਂਪੀਅਨ ਸੀਐਸਕੇ ਦੀ 12 ਮੈਚਾਂ ਵਿੱਚ ਇਹ ਛੇਵੀਂ ਹਾਰ ਸੀ।
ਚੇਨਈ ਲਈ ਇਸ ਮੈਚ ਵਿੱਚ ਡੇਰਿਲ ਮਿਸ਼ੇਲ ਨੇ 34 ਗੇਂਦਾਂ ਵਿੱਚ ਸਭ ਤੋਂ ਵੱਧ 63 ਦੌੜਾਂ ਬਣਾਈਆਂ, ਜਿਸ ਵਿੱਚ ਸੱਤ ਚੌਕੇ ਅਤੇ ਤਿੰਨ ਛੱਕੇ ਸ਼ਾਮਲ ਸਨ। ਮੋਇਨ ਅਲੀ ਨੇ 56 ਦੌੜਾਂ ਦੀ ਪਾਰੀ ਖੇਡੀ। ਮੋਈਨ ਨੇ 36 ਗੇਂਦਾਂ ਦੀ ਆਪਣੀ ਪਾਰੀ ਵਿੱਚ ਚਾਰ ਚੌਕੇ ਅਤੇ ਇੰਨੇ ਹੀ ਛੱਕੇ ਜੜੇ। ਧੋਨੀ ਨੇ 11 ਗੇਂਦਾਂ ‘ਤੇ ਅਜੇਤੂ 26 ਦੌੜਾਂ ਬਣਾਈਆਂ, ਜਿਸ ‘ਚ ਤਿੰਨ ਛੱਕੇ ਅਤੇ ਇਕ ਚੌਕਾ ਸ਼ਾਮਲ ਸੀ। ਗੁਜਰਾਤ ਟਾਈਟਨਜ਼ ਲਈ ਮੋਹਿਤ ਸ਼ਰਮਾ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਜਦਕਿ ਰਾਸ਼ਿਦ ਖਾਨ ਨੇ ਦੋ ਸਫਲਤਾਵਾਂ ਹਾਸਲ ਕੀਤੀਆਂ।