ਜੈਪੁਰ, 11 ਅਪ੍ਰੈਲ 2024 – ਗੁਜਰਾਤ ਟਾਈਟਨਸ (GT) ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਵਿੱਚ ਆਪਣੀ ਤੀਜੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 24ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ (ਆਰ.ਆਰ.) ਨੂੰ 3 ਵਿਕਟਾਂ ਨਾਲ ਹਰਾਇਆ। ਗੁਜਰਾਤ ਨੇ ਦੋ ਮੈਚ ਹਾਰਨ ਤੋਂ ਬਾਅਦ ਜਿੱਤ ਦਰਜ ਕੀਤੀ ਹੈ। ਇਸ ਸੀਜ਼ਨ ਵਿੱਚ ਰਾਜਸਥਾਨ ਦੀ ਇਹ ਪਹਿਲੀ ਹਾਰ ਹੈ।
ਬੁੱਧਵਾਰ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 20 ਓਵਰਾਂ ‘ਚ 3 ਵਿਕਟਾਂ ‘ਤੇ 196 ਦੌੜਾਂ ਬਣਾਈਆਂ। ਗੁਜਰਾਤ ਨੇ 197 ਦੌੜਾਂ ਦਾ ਟੀਚਾ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ।
ਰਾਹੁਲ ਤਿਵਾਤੀਆ ਅਤੇ ਰਾਸ਼ਿਦ ਖਾਨ ਦੀ ਜੋੜੀ ਨੇ ਆਖਰੀ 12 ਗੇਂਦਾਂ ‘ਤੇ 35 ਦੌੜਾਂ ਬਣਾਈਆਂ। ਗੁਜਰਾਤ ਨੂੰ ਆਖਰੀ ਓਵਰ ‘ਚ 15 ਦੌੜਾਂ ਅਤੇ ਆਖਰੀ ਗੇਂਦ ‘ਤੇ ਦੋ ਦੌੜਾਂ ਦੀ ਲੋੜ ਸੀ। ਰਾਸ਼ਿਦ ਨੇ ਆਖਰੀ ਗੇਂਦ ‘ਤੇ ਚੌਕਾ ਜੜ ਕੇ ਗੁਜਰਾਤ ਨੂੰ ਜਿੱਤ ਦਿਵਾਈ।
ਕਪਤਾਨ ਸ਼ੁਭਮਨ ਗਿੱਲ ਨੇ 44 ਗੇਂਦਾਂ ‘ਤੇ 72 ਦੌੜਾਂ ਬਣਾਈਆਂ, ਜਦਕਿ ਸਾਈ ਸੁਦਰਸ਼ਨ ਨੇ 29 ਗੇਂਦਾਂ ‘ਤੇ 35 ਦੌੜਾਂ ਦਾ ਯੋਗਦਾਨ ਪਾਇਆ। ਕੁਲਦੀਪ ਸੇਨ ਨੇ 3 ਅਤੇ ਯੁਜਵੇਂਦਰ ਚਾਹਲ ਨੇ ਦੋ ਵਿਕਟਾਂ ਲਈਆਂ।