- ਪੰਡਯਾ ਵੀ ਪਿਛਲੇ ਹੀ ਸੀਜ਼ਨ ‘ਚ ਗੁਜਰਾਤ ਟਾਈਟਨਸ ਨੂੰ ਬਣਾ ਚੁੱਕੇ ਨੇ ਚੈਂਪੀਅਨ
ਮੁੰਬਈ, 16 ਦਸੰਬਰ 2023 – ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਇੰਡੀਅਨ ਪ੍ਰੀਮੀਅਰ ਲੀਗ ਦੇ 2024 ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਨਗੇ। ਉਹ ਰੋਹਿਤ ਸ਼ਰਮਾ ਦੀ ਜਗ੍ਹਾ ਲਵੇਗਾ, ਜਿਸ ਨੇ MI ਨੂੰ 5 ਖਿਤਾਬ ਜਿਤਾਏ ਹਨ। ਮੁੰਬਈ ਇੰਡੀਅਨ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਹਾਲਾਂਕਿ ਫ੍ਰੈਂਚਾਇਜ਼ੀ ਨੇ ਰੋਹਿਤ ਸ਼ਰਮਾ ਦੀ ਭੂਮਿਕਾ ਬਾਰੇ ਸਪੱਸ਼ਟ ਨਹੀਂ ਕੀਤਾ ਹੈ। ਫਰੈਂਚਾਇਜ਼ੀ ਨੇ ਪੰਡਯਾ ਨੂੰ 19 ਦਿਨ ਪਹਿਲਾਂ ਗੁਜਰਾਤ ਟਾਇਟਨਸ ਤੋਂ 15 ਕਰੋੜ ਰੁਪਏ ਵਿੱਚ ਖਰੀਦਿਆ ਸੀ। ਪੰਡਯਾ ਲਈ ਦੋਵਾਂ ਫ੍ਰੈਂਚਾਇਜ਼ੀ ਵਿਚਕਾਰ ਨਕਦ ਸੌਦਾ ਹੋਇਆ ਸੀ। ਉਦੋਂ ਤੋਂ ਹੀ ਪੰਡਯਾ ਦੇ ਕਪਤਾਨ ਬਣਨ ਦੀਆਂ ਅਟਕਲਾਂ ਲੱਗ ਰਹੀਆਂ ਸਨ।
ਫਰੈਂਚਾਇਜ਼ੀ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ- ਆਲਰਾਊਂਡਰ ਖਿਡਾਰੀ ਪੰਡਯਾ ਮੁੰਬਈ ਇੰਡੀਅਨਜ਼ ਦੀ ਕਪਤਾਨੀ ਸੰਭਾਲਣ ਲਈ ਤਿਆਰ ਹਨ। ਉਹ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਅਤੇ ਸਭ ਤੋਂ ਸਫਲ ਕਪਤਾਨ ਰੋਹਿਤ ਸ਼ਰਮਾ ਦੀ ਥਾਂ ਲੈਣਗੇ।
ਮੁੰਬਈ ਫਰੈਂਚਾਇਜ਼ੀ ਨੇ ਰੋਹਿਤ ਸ਼ਰਮਾ ਤੋਂ ਬਾਅਦ ਹਾਰਦਿਕ ਪੰਡਯਾ ‘ਤੇ ਕਪਤਾਨੀ ਲਈ ਭਰੋਸਾ ਜਤਾਇਆ ਹੈ। ਪੰਡਯਾ ਨੇ ਪਹਿਲੇ ਹੀ ਸੀਜ਼ਨ ‘ਚ ਗੁਜਰਾਤ ਟਾਈਟਨਸ ਨੂੰ ਚੈਂਪੀਅਨ ਬਣਾਇਆ ਸੀ। ਗੁਜਰਾਤ ਦੀ ਟੀਮ 2022 ਸੀਜ਼ਨ ਵਿੱਚ ਚੈਂਪੀਅਨ ਅਤੇ 2023 ਵਿੱਚ ਉਪ ਜੇਤੂ ਰਹੀ। ਪੰਡਯਾ ਦੇ ਜਾਣ ਤੋਂ ਬਾਅਦ ਗੁਜਰਾਤ ਟਾਈਟਨਸ ਨੇ ਸ਼ੁਭਮਨ ਗਿੱਲ ਨੂੰ ਕਪਤਾਨ ਬਣਾਇਆ ਹੈ।
ਹਾਰਦਿਕ ਪੰਡਯਾ ਮੁੰਬਈ ਇੰਡੀਅਨਜ਼ ਦੇ 5ਵੇਂ ਨਿਯਮਤ ਕਪਤਾਨ ਹੋਣਗੇ। ਉਸ ਤੋਂ ਪਹਿਲਾਂ ਰੋਹਿਤ ਸ਼ਰਮਾ, ਰਿਕੀ ਪੋਂਟਿੰਗ, ਹਰਭਜਨ ਸਿੰਘ ਅਤੇ ਸਚਿਨ ਤੇਂਦੁਲਕਰ ਟੀਮ ਦੀ ਕਪਤਾਨੀ ਕਰ ਚੁੱਕੇ ਹਨ।
ਮੁੰਬਈ ਇੰਡੀਅਨਜ਼ ਆਈਪੀਐਲ ਦੀ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਹੈ। ਟੀਮ ਨੇ ਹੁਣ ਤੱਕ 5 ਖਿਤਾਬ ਜਿੱਤੇ ਹਨ। ਸਭ ਤੋਂ ਵੱਧ ਆਈਪੀਐਲ ਖਿਤਾਬ ਜਿੱਤਣ ਦੇ ਮਾਮਲੇ ਵਿੱਚ ਫ੍ਰੈਂਚਾਇਜ਼ੀ ਚੇਨਈ ਸੁਪਰ ਕਿੰਗਜ਼ ਦੇ ਬਰਾਬਰ ਹੈ, ਚੇਨਈ ਨੇ ਵੀ 5 ਖਿਤਾਬ ਜਿੱਤੇ ਹਨ। ਇਸ ਤੋਂ ਇਲਾਵਾ ਚੇਨਈ ਦੀ ਟੀਮ 6 ਵਾਰ ਉਪ ਜੇਤੂ ਰਹੀ ਹੈ, ਜਦਕਿ ਮੁੰਬਈ ਇੰਡੀਅਨਜ਼ ਸਿਰਫ ਇਕ ਵਾਰ ਉਪ ਜੇਤੂ ਰਹੀ ਹੈ। ਇਸ ਲਈ CSK ਲੀਗ ਦੀ ਸਭ ਤੋਂ ਸਫਲ ਟੀਮ ਹੈ।