ਹੈਦਰਾਬਾਦ, 9 ਮਈ 2024 – ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਦੀ ਧਮਾਕੇਦਾਰ ਪਾਰੀ ਦੀ ਮਦਦ ਨਾਲ ਸਨਰਾਈਜ਼ਰਸ ਹੈਦਰਾਬਾਦ ਨੇ IPL-2024 ਦੇ 57ਵੇਂ ਮੈਚ ‘ਚ ਲਖਨਊ ਸੁਪਰ ਜਾਇੰਟਸ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਸਨਰਾਈਜ਼ਰਜ਼ ਨੇ 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 9.4 ਓਵਰਾਂ ‘ਚ ਬਿਨਾਂ ਕਿਸੇ ਨੁਕਸਾਨ ਦੇ 166 ਦੌੜਾਂ ਬਣਾ ਲਈਆਂ। ਇਹ IPL ਦੇ ਇਤਿਹਾਸ ਵਿੱਚ 150+ ਸਕੋਰਾਂ ਦਾ ਸਭ ਤੋਂ ਤੇਜ਼ ਰਨ ਚੇਜ ਦੌੜ ਹੈ। ਡੇਕਨ ਚਾਰਜਰਜ਼ ਨੇ 2008 ‘ਚ ਮੁੰਬਈ ਇੰਡੀਅਨਜ਼ ਦੇ ਖਿਲਾਫ 12 ਓਵਰਾਂ ‘ਚ 155 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਸੀ।
ਲਖਨਊ ਨੇ ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 165 ਦੌੜਾਂ ਬਣਾਈਆਂ। ਜਵਾਬ ਵਿੱਚ ਹੈਦਰਾਬਾਦ ਨੇ 9.4 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 167 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਟਰੈਵਿਸ ਹੈੱਡ ਪਲੇਅਰ ਆਫ ਦਿ ਮੈਚ ਰਹੇ। ਉਸ ਨੇ 30 ਗੇਂਦਾਂ ‘ਤੇ 8 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 89 ਦੌੜਾਂ ਦੀ ਅਜੇਤੂ ਪਾਰੀ ਖੇਡੀ। ਜਦਕਿ ਅਭਿਸ਼ੇਕ ਸ਼ਰਮਾ ਨੇ ਵੀ 28 ਗੇਂਦਾਂ ‘ਤੇ 75 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਇਸ ਜਿੱਤ ਨਾਲ ਹੈਦਰਾਬਾਦ (14 ਅੰਕ) ਅੰਕ ਸੂਚੀ ਵਿਚ ਤੀਜੇ ਸਥਾਨ ‘ਤੇ ਆ ਗਿਆ ਹੈ, ਜਦਕਿ ਲਖਨਊ ਛੇਵੇਂ ਸਥਾਨ ‘ਤੇ ਖਿਸਕ ਗਿਆ ਹੈ। ਹੈਦਰਾਬਾਦ ਨੇ IPL ‘ਚ ਪਹਿਲੀ ਵਾਰ ਲਖਨਊ ਨੂੰ ਹਰਾਇਆ ਹੈ। ਦੋਵਾਂ ਵਿਚਾਲੇ 4 ਮੈਚ ਖੇਡੇ ਗਏ ਹਨ।