- ਕੀ ਭਾਰਤ ਦੇ ਗੁਆਂਢੀ ਆਉਣਗੇ ?
- ਜੇਲ੍ਹ ‘ਚ ਨੇ ਪਾਕਿਸਤਾਨ ਦੇ ਇਮਰਾਨ ਖਾਨ
- ਸ਼੍ਰੀਲੰਕਾ ਦੇ ਰਣਤੁੰਗਾ BCCI ਦੀ ਲਗਾਤਾਰ ਕਰ ਰਹੇ ਨੇ ਆਲੋਚਨਾ
ਗੁਜਰਾਤ, 18 ਨਵੰਬਰ 2023 – ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਲਈ ਸਾਰੇ ਪਿਛਲੇ ਵਿਸ਼ਵ ਕੱਪ ਚੈਂਪੀਅਨ ਕਪਤਾਨਾਂ (1975 ਤੋਂ 2019 ਤੱਕ) ਨੂੰ ਸੱਦਾ ਦਿੱਤਾ ਹੈ। ਗੁਆਂਢੀ ਦੇਸ਼ ਪਾਕਿਸਤਾਨ ਨੂੰ 1992 ਵਿੱਚ ਵਿਸ਼ਵ ਕੱਪ ਜਿਤਾਉਣ ਵਾਲੇ ਇਮਰਾਨ ਖਾਨ ਜੇਲ੍ਹ ਵਿੱਚ ਹਨ। ਅਜਿਹੇ ‘ਚ ਉਸ ਦਾ ਆਉਣਾ ਅਸੰਭਵ ਹੈ। ਹੁਣ ਦੇਖਣਾ ਇਹ ਹੋਵੇਗਾ ਕਿ 1996 ‘ਚ ਸ਼੍ਰੀਲੰਕਾ ਨੂੰ ਚੈਂਪੀਅਨ ਬਣਾਉਣ ਵਾਲੇ ਕਪਤਾਨ ਅਰਜੁਨ ਰਣਤੁੰਗਾ ਆਉਣਗੇ ਜਾਂ ਨਹੀਂ।
ਰਣਤੁੰਗਾ ਨੇ ਕਈ ਵਾਰ ਭਾਰਤੀ ਬੋਰਡ ‘ਤੇ ਦੁਨੀਆ ਭਰ ਦੇ ਕ੍ਰਿਕਟ ਸੰਘਾਂ ‘ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।
ਇੱਕ ਰੋਜ਼ਾ ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਖ਼ਿਤਾਬੀ ਮੁਕਾਬਲਾ ਮੇਜ਼ਬਾਨ ਭਾਰਤ ਅਤੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ ਵਿਚਾਲੇ ਖੇਡਿਆ ਜਾਵੇਗਾ।
ਹੁਣ ਤੱਕ ਸਿਰਫ਼ ਤਿੰਨ ਏਸ਼ਿਆਈ ਟੀਮਾਂ ਵਨਡੇ ਵਿਸ਼ਵ ਕੱਪ ਜਿੱਤਣ ਵਿੱਚ ਕਾਮਯਾਬ ਹੋਈਆਂ ਹਨ। ਭਾਰਤ ਦੋ ਵਾਰ, ਪਾਕਿਸਤਾਨ ਅਤੇ ਸ਼੍ਰੀਲੰਕਾ ਇਕ-ਇਕ ਵਾਰ ਚੈਂਪੀਅਨ ਬਣ ਚੁੱਕਾ ਹੈ। ਇਹ ਟੂਰਨਾਮੈਂਟ ਦਾ 13ਵਾਂ ਐਡੀਸ਼ਨ ਹੈ।
ਪਿਛਲੇ 12 ਐਡੀਸ਼ਨਾਂ ਦੇ ਚੈਂਪੀਅਨ ਕਪਤਾਨਾਂ ਵਿੱਚ ਵੈਸਟਇੰਡੀਜ਼ ਦੇ ਕਲਾਈਵ ਲੋਇਡ (1975, 1979), ਭਾਰਤ ਦੇ ਕਪਿਲ ਦੇਵ (1983), ਆਸਟ੍ਰੇਲੀਆ ਦੇ ਐਲਨ ਬਾਰਡਰ (1987), ਪਾਕਿਸਤਾਨ ਦੇ ਇਮਰਾਨ ਖਾਨ (1992), ਸ੍ਰੀਲੰਕਾ ਦੇ ਅਰਜੁਨ ਰਣਤੁੰਗਾ ( 1996), ਆਸਟ੍ਰੇਲੀਆ ਦੇ ਸਟੀਵ ਵਾ (1999), ਰਿਕੀ ਪੋਂਟਿੰਗ (2003, 2007), ਭਾਰਤ ਦੇ ਮਹਿੰਦਰ ਸਿੰਘ ਧੋਨੀ (2011), ਆਸਟ੍ਰੇਲੀਆ ਦੇ ਮਾਈਕਲ ਕਲਾਰਕ (2015) ਅਤੇ ਇੰਗਲੈਂਡ ਦੇ ਓਨ ਮੋਰਗਨ (2019)।
ਪਾਕਿਸਤਾਨ ਨੂੰ 1992 ‘ਚ ਵਨਡੇ ਵਿਸ਼ਵ ਕੱਪ ਜਿਤਾਉਣ ਵਾਲੇ ਸਾਬਕਾ ਕਪਤਾਨ ਇਮਰਾਨ ਖਾਨ ਇਨ੍ਹੀਂ ਦਿਨੀਂ ਜੇਲ ‘ਚ ਹਨ। ਜੇ ਉਹ ਜੇਲ੍ਹ ਵਿਚ ਨਾ ਹੁੰਦਾ ਤਾਂ ਵੀ ਉਸ ਦਾ ਆਉਣਾ ਆਸਾਨ ਨਹੀਂ ਸੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਮਰਾਨ ਨੇ ਵਾਰ-ਵਾਰ ਭਾਰਤ ਵਿਰੋਧੀ ਸਟੈਂਡ ਲਿਆ ਸੀ।
ਇਮਰਾਨ ਨੂੰ ਤੋਸ਼ਾਖਾਨਾ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 5 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਮਰਾਨ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਮਿਲੇ ਤੋਹਫ਼ੇ ਵੇਚੇ ਸਨ।
ਸ਼੍ਰੀਲੰਕਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਰਜੁਨ ਰਣਤੁੰਗਾ ਨੇ ਹਾਲ ਹੀ ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ‘ਤੇ ਗੰਭੀਰ ਦੋਸ਼ ਲਗਾਏ ਸਨ। ਰਣਤੁੰਗਾ ਨੇ ਕਿਹਾ ਕਿ ਜੈ ਸ਼ਾਹ ਦਾ ਸ਼੍ਰੀਲੰਕਾ ਕ੍ਰਿਕਟ ਬੋਰਡ ਦੇ ਅਧਿਕਾਰੀਆਂ ‘ਤੇ ਪ੍ਰਭਾਵ ਹੈ। ਇਨ੍ਹਾਂ ਦੀ ਮਿਲੀਭੁਗਤ ਕਾਰਨ ਹੀ ਸ਼੍ਰੀਲੰਕਾ ਕ੍ਰਿਕਟ ਦਾ ਬੁਰਾ ਹਾਲ ਹੈ। ਸਾਡਾ ਕ੍ਰਿਕਟ ਬੋਰਡ ਦੀਵਾਲੀਆ ਹੋ ਰਿਹਾ ਹੈ।
ਸ਼੍ਰੀਲੰਕਾ ਦੀ ਟੀਮ ਭਾਰਤ ਵਿੱਚ ਚੱਲ ਰਹੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ 9 ਵਿੱਚੋਂ 7 ਲੀਗ ਮੈਚ ਹਾਰ ਗਈ ਅਤੇ 10 ਟੀਮਾਂ ਵਿੱਚੋਂ 9ਵੇਂ ਸਥਾਨ ’ਤੇ ਰਹੀ। ਸ਼੍ਰੀਲੰਕਾ ਸੈਮੀਫਾਈਨਲ ਤੱਕ ਪਹੁੰਚਣ ਤੋਂ ਖੁੰਝ ਗਿਆ ਅਤੇ 2025 ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨ ਵਿੱਚ ਵੀ ਅਸਫਲ ਰਿਹਾ। ਇਸ ਸਭ ਤੋਂ ਬਾਅਦ ਰਣਤੁੰਗਾ ਨੇ ਦੋਸ਼ ਲਗਾਏ ਸਨ।