- ਪੰਤ ਟੈਸਟ ਵਿੱਚ ਸੱਤਵੇਂ ਨੰਬਰ ‘ਤੇ ਆਇਆ
- ਜਡੇਜਾ ਲਗਾਤਾਰ 177 ਹਫ਼ਤਿਆਂ ਤੋਂ ਨੰਬਰ-1 ਆਲਰਾਊਂਡਰ
ਚੰਡੀਗੜ੍ਹ, 31 ਜੁਲਾਈ 2025 – ਭਾਰਤ ਦਾ ਅਭਿਸ਼ੇਕ ਸ਼ਰਮਾ ਬੁੱਧਵਾਰ ਨੂੰ ਜਾਰੀ ਹਫਤਾਵਾਰੀ ਆਈਸੀਸੀ ਰੈਂਕਿੰਗ ਵਿੱਚ ਨੰਬਰ-1 ਟੀ-20 ਬੱਲੇਬਾਜ਼ ਬਣ ਗਿਆ ਹੈ। ਉਹ ਵਿਰਾਟ ਕੋਹਲੀ ਅਤੇ ਸੂਰਿਆਕੁਮਾਰ ਯਾਦਵ ਤੋਂ ਬਾਅਦ ਨੰਬਰ-1 ਸਥਾਨ ‘ਤੇ ਪਹੁੰਚਣ ਵਾਲਾ ਤੀਜਾ ਭਾਰਤੀ ਬੱਲੇਬਾਜ਼ ਬਣਿਆ ਹੈ। ਅਭਿਸ਼ੇਕ ਦੇ 829 ਅੰਕ ਹਨ। ਉਸਨੇ ਪਿਛਲੇ ਹਫ਼ਤੇ ਇੱਕ ਵੀ ਟੀ-20 ਨਹੀਂ ਖੇਡਿਆ ਪਰ ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਨੇ ਵੈਸਟਇੰਡੀਜ਼ ਵਿਰੁੱਧ ਪੰਜਵਾਂ ਟੀ-20 ਨਹੀਂ ਖੇਡਿਆ, ਜਿਸ ਨਾਲ ਉਸਦੇ ਅੰਕਾਂ ਦੀ ਗਿਣਤੀ 814 ਹੋ ਗਈ। ਇਸ ਦੇ ਨਾਲ, ਅਭਿਸ਼ੇਕ ਨੰਬਰ-1 ਸਥਾਨ ‘ਤੇ ਆ ਗਿਆ ਅਤੇ ਹੈੱਡ ਦੂਜੇ ਸਥਾਨ ‘ਤੇ ਖਿਸਕ ਗਿਆ।
ਅਭਿਸ਼ੇਕ ਦੀ ਇਸ ਪ੍ਰਾਪਤੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਨੂੰ ਵਧਾਈ ਦਿੱਤੀ ਹੈ। ਇਸ ਸੰਬੰਧੀ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾਉਂਦਿਆਂ ਕਿਹਾ ਕਿ, “ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਹਰ ਖੇਡ ‘ਚ ਪੰਜਾਬ ਦੇ ਖਿਡਾਰੀ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ‘ਤੇ ਮੱਲਾਂ ਮਾਰ ਰਹੇ ਨੇ। ਅੰਮ੍ਰਿਤਸਰ ਸਾਹਿਬ ਦੇ ਅਭਿਸ਼ੇਕ ਸ਼ਰਮਾ ਨੇ ਹਾਲ ਹੀ ‘ਚ ਜਾਰੀ ਹੋਈ ICC T20 ਦੀ ਬੱਲੇਬਾਜ਼ਾਂ ਦੀ ਸੂਚੀ ‘ਚ ਚੋਟੀ ਦਾ ਸਥਾਨ ਮੱਲਿਆ ਹੈ। ਸ਼ਾਨਦਾਰ ਪ੍ਰਾਪਤੀ ਲਈ ਅਭਿਸ਼ੇਕ ਨੂੰ ਮੁਬਾਰਕਾਂ, ਨਾਲ ਹੀ ਭਾਰਤੀ ਟੀਮ ਦੇ ਦੋ ਹੋਰ ਖਿਡਾਰੀਆਂ ਤਿਲਕ ਵਰਮਾ ਤੇ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਵੀ ਇਸ ਸੂਚੀ ‘ਚ ਜਗ੍ਹਾ ਮੱਲਣ ‘ਤੇ ਵਧਾਈਆਂ।”
ਉੱਥੇ ਹੀ ICC ਸੂਚੀ ‘ਚ ਇੰਗਲੈਂਡ ਵਿਰੁੱਧ ਮੈਨਚੈਸਟਰ ਟੈਸਟ ਵਿੱਚ ਸੱਟ ਲੱਗਣ ਦੇ ਬਾਵਜੂਦ ਅਰਧ ਸੈਂਕੜਾ ਲਗਾਉਣ ਵਾਲੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ 776 ਅੰਕਾਂ ਨਾਲ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗ ਵਿੱਚ ਅੱਠਵੇਂ ਸਥਾਨ ਤੋਂ ਸੱਤਵੇਂ ਸਥਾਨ ‘ਤੇ ਪਹੁੰਚ ਗਏ ਹਨ। ਇੰਗਲੈਂਡ ਦੇ ਬੱਲੇਬਾਜ਼ ਜੋ ਰੂਟ ਇਸ ਸੂਚੀ ਵਿੱਚ ਸਿਖਰ ‘ਤੇ ਬਣੇ ਹੋਏ ਹਨ।

ਟੈਸਟ ਗੇਂਦਬਾਜ਼ਾਂ ਦੀ ਸੂਚੀ ਵਿੱਚ ਚੋਟੀ ਦੇ 10 ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇੱਥੇ, ਰਵਿੰਦਰ ਜਡੇਜਾ ਲਗਾਤਾਰ 177 ਹਫ਼ਤਿਆਂ ਤੋਂ ਨੰਬਰ-1 ਆਲਰਾਊਂਡਰ ਬਣਿਆ ਹੋਇਆ ਹੈ।
