ਚੇਨਈ, 19 ਸਤੰਬਰ 2024 – ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਤੋਂ ਚੇਨਈ ‘ਚ ਖੇਡਿਆ ਜਾਵੇਗਾ। ਮੈਚ ਐੱਮਏ ਚਿਦੰਬਰਮ ਸਟੇਡੀਅਮ ‘ਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ, ਟਾਸ ਸਵੇਰੇ 9:00 ਵਜੇ ਹੋਵੇਗਾ। ਬੰਗਲਾਦੇਸ਼ ਹੁਣ ਤੱਕ ਇੱਕ ਵੀ ਟੈਸਟ ਵਿੱਚ ਭਾਰਤ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋਇਆ ਹੈ। ਦੋਵਾਂ ਵਿਚਾਲੇ 13 ਟੈਸਟ ਖੇਡੇ ਗਏ, ਜਿਨ੍ਹਾਂ ‘ਚ ਭਾਰਤ ਨੇ 11 ਜਿੱਤੇ, ਜਦਕਿ 2 ਮੈਚ ਡਰਾਅ ਰਹੇ।
ਦੋਵਾਂ ਵਿਚਾਲੇ ਪਹਿਲੀ ਸੀਰੀਜ਼ ਸਾਲ 2000 ‘ਚ ਖੇਡੀ ਗਈ ਸੀ ਅਤੇ ਹੁਣ ਤੱਕ 8 ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ। ਇਨ੍ਹਾਂ ‘ਚੋਂ ਭਾਰਤ ਨੇ 7 ਜਿੱਤੀਆਂ, ਜਦਕਿ ਇਕ ਡਰਾਅ ਰਹੀ ਹੈ। ਬੰਗਲਾਦੇਸ਼ ਦੀ ਟੀਮ 5 ਸਾਲ ਬਾਅਦ ਟੈਸਟ ਸੀਰੀਜ਼ ਖੇਡਣ ਲਈ ਭਾਰਤ ਆਈ ਹੈ। ਇਸ ਤੋਂ ਪਹਿਲਾਂ 2019 ‘ਚ ਟੀਮ ਨੇ 2 ਮੈਚ ਖੇਡੇ ਸਨ, ਜਿਸ ‘ਚ ਭਾਰਤ ਨੇ 2-0 ਨਾਲ ਸੀਰੀਜ਼ ਜਿੱਤੀ ਸੀ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੁਣ ਤੱਕ 13 ਟੈਸਟ ਮੈਚ ਖੇਡੇ ਗਏ ਹਨ। ਭਾਰਤ ਨੇ 11 ਮੈਚ ਜਿੱਤੇ ਅਤੇ 2 ਮੈਚ ਡਰਾਅ ਰਹੇ। ਦੋਵਾਂ ਟੀਮਾਂ ਵਿਚਾਲੇ ਆਖਰੀ ਟੈਸਟ 2022 ‘ਚ ਖੇਡਿਆ ਗਿਆ ਸੀ, ਜਦੋਂ ਟੀਮ ਇੰਡੀਆ ਬੰਗਲਾਦੇਸ਼ ਦੇ ਦੌਰੇ ‘ਤੇ ਗਈ ਸੀ। ਭਾਰਤ ਨੇ ਇਹ ਮੈਚ 3 ਵਿਕਟਾਂ ਨਾਲ ਜਿੱਤ ਲਿਆ ਸੀ।
ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਇਸ ਸਾਲ ਭਾਰਤ ਵੱਲੋਂ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ 6 ਮੈਚਾਂ ‘ਚ 740 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ‘ਚ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਹਿਲੇ ਨੰਬਰ ‘ਤੇ ਹੈ। ਉਸ ਨੇ 5 ਮੈਚ ਖੇਡੇ ਅਤੇ 27 ਵਿਕਟਾਂ ਲਈਆਂ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇਸ ਸਾਲ ਸਿਰਫ ਦੂਜਾ ਟੈਸਟ ਖੇਡਣਗੇ। ਉਸ ਨੇ ਆਪਣਾ ਆਖਰੀ ਮੈਚ ਕੇਪਟਾਊਨ ‘ਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਸੀ। ਉਹ ਪਰਿਵਾਰਕ ਕਾਰਨਾਂ ਕਰਕੇ ਇੰਗਲੈਂਡ ਸੀਰੀਜ਼ ਨਹੀਂ ਖੇਡ ਸਕੇ ਸੀ।