- ਜੇ ਭਾਰਤੀ ਟੀਮ ਜਿੱਤ ਕਰਦੀ ਹੈ ਦਰਜ ਤਾਂ ਸੈਮੀਫਾਈਨਲ ਲਈ ਕਰ ਲਵੇਗੀ ਕੁਆਲੀਫਾਈ
ਨਵੀਂ ਦਿੱਲੀ, 23 ਜੁਲਾਈ 2024 – ਮੌਜੂਦਾ ਚੈਂਪੀਅਨ ਭਾਰਤੀ ਮਹਿਲਾ ਕ੍ਰਿਕਟ ਟੀਮ ਮੰਗਲਵਾਰ ਨੂੰ ਮਹਿਲਾ ਏਸ਼ੀਆ ਕੱਪ ਦੇ 10ਵੇਂ ਮੈਚ ਵਿੱਚ ਨੇਪਾਲ ਨਾਲ ਭਿੜੇਗੀ। ਦੋਵੇਂ ਟੀਮਾਂ ਪਹਿਲੀ ਵਾਰ ਮਹਿਲਾ ਟੀ-20 ਇੰਟਰਨੈਸ਼ਨਲ ਵਿੱਚ ਭਿੜਨਗੀਆਂ। ਇਹ ਮੈਚ ਸ਼੍ਰੀਲੰਕਾ ਦੇ ਰੰਗੀਰੀ ਦਾਂਬੁਲਾ ਸਟੇਡੀਅਮ ‘ਚ ਸ਼ਾਮ 7:00 ਵਜੇ ਤੋਂ ਖੇਡਿਆ ਜਾਵੇਗਾ ਅਤੇ ਟਾਸ- 6:30 ਵਜੇ ਹੋਵੇਗਾ।
ਭਾਰਤੀ ਟੀਮ ਅੱਜ ਦਾ ਮੈਚ ਜਿੱਤ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਵੇਗੀ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਪਹਿਲੇ ਮੈਚ ਵਿੱਚ ਆਪਣੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਅਤੇ ਦੂਜੇ ਮੈਚ ਵਿੱਚ ਯੂਏਈ ਨੂੰ 78 ਦੌੜਾਂ ਨਾਲ ਹਰਾਇਆ। ਦੂਜੇ ਪਾਸੇ ਨੇਪਾਲ ਨੇ ਆਪਣੇ ਪਹਿਲੇ ਮੈਚ ਵਿੱਚ ਯੂਏਈ ਨੂੰ ਹਰਾਇਆ ਅਤੇ ਦੂਜੇ ਵਿੱਚ ਪਾਕਿਸਤਾਨ ਤੋਂ ਹਾਰ ਗਈ ਸੀ।
ਸ਼੍ਰੀਲੰਕਾ ‘ਚ ਹੋਣ ਵਾਲੇ ਏਸ਼ੀਆ ਕੱਪ ਦੇ ਸਾਰੇ ਮੈਚ ਇੱਥੇ ਰੰਗੀਰੀ ਦਾਂਬੁਲਾ ਸਟੇਡੀਅਮ ‘ਚ ਖੇਡੇ ਜਾਣਗੇ। ਹੁਣ ਤੱਕ ਇੱਥੇ 10 ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਇਸ ‘ਚ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ 6 ਮੈਚ ਜਿੱਤੇ ਹਨ। ਦੋਵੇਂ ਟੀਮਾਂ ਦੇ ਕਪਤਾਨ ਟਾਸ ਜਿੱਤ ਕੇ ਗੇਂਦਬਾਜ਼ੀ ਕਰਨਾ ਚਾਹੁਣਗੇ।
ਭਾਰਤੀ ਮਹਿਲਾ ਟੀਮ ਇਸ ਸਮੇਂ ਫਾਰਮ ‘ਚ ਹੈ। ਪਹਿਲੇ ਮੈਚ ‘ਚ ਪਾਕਿਸਤਾਨ ਨੂੰ ਹਰਾਇਆ ਅਤੇ ਦੂਜੇ ‘ਚ ਯੂ.ਏ.ਈ ਅਤੇ ਹਾਲ ਹੀ ‘ਚ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਜਿੱਤੀ। ਭਾਰਤ ਦੀ ਇਹ ਮੈਚ ਜਿੱਤਣ ਦੀ ਸੰਭਾਵਨਾ 90% ਹੈ। ਕੱਲ੍ਹ ਦਾਂਬੁਲਾ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।