ਨਵੀਂ ਦਿੱਲੀ, 19 ਅਗਸਤ 2023 – ਟੀਮ ਇੰਡੀਆ ਨੇ ਆਇਰਲੈਂਡ ਖਿਲਾਫ ਟੀ-20 ਸੀਰੀਜ਼ ਦਾ ਪਹਿਲਾ ਮੈਚ 2 ਦੌੜਾਂ ਨਾਲ ਜਿੱਤ ਲਿਆ ਹੈ। ਟੀਮ ਨੇ DLS ਨਿਯਮ ਦੇ ਤਹਿਤ ਜਿੱਤ ਪ੍ਰਾਪਤ ਕੀਤੀ ਹੈ।
ਡਬਲਿਨ ਦੇ ਦਿ ਵਿਲੇਜ ਸਟੇਡੀਅਮ ਵਿੱਚ ਖੇਡਿਆ ਗਿਆ ਮੈਚ ਮੀਂਹ ਕਾਰਨ ਭਾਰਤੀ ਪਾਰੀ ਦੇ 6.5 ਓਵਰਾਂ ਵਿੱਚ ਰੋਕ ਦਿੱਤਾ ਗਿਆ। ਉਦੋਂ ਤੱਕ ਟੀਮ ਇੰਡੀਆ ਨੇ ਦੋ ਵਿਕਟਾਂ ‘ਤੇ 47 ਦੌੜਾਂ ਬਣਾ ਲਈਆਂ ਸਨ। ਰਿਤੂਰਾਜ ਗਾਇਕਵਾੜ 19 ਅਤੇ ਸੰਜੂ ਸੈਮਸਨ ਇੱਕ ਰਨ ਬਣਾ ਕੇ ਨਾਬਾਦ ਪਰਤੇ।
ਇਸ ਤੋਂ ਪਹਿਲਾਂ ਕ੍ਰੇਗ ਯੰਗ ਨੇ 7ਵੇਂ ਓਵਰ ਵਿੱਚ ਲਗਾਤਾਰ ਦੋ ਵਿਕਟਾਂ ਲਈਆਂ। ਉਸ ਨੇ ਯਸ਼ਸਵੀ ਜੈਸਵਾਲ ਨੂੰ 24 ਅਤੇ ਤਿਲਕ ਵਰਮਾ ਨੂੰ ਜ਼ੀਰੋ ‘ਤੇ ਆਊਟ ਕੀਤਾ। ਟੀਮ ਇੰਡੀਆ ਨੇ 46 ਦੌੜਾਂ ਦੇ ਸਕੋਰ ‘ਤੇ ਦੋ ਵਿਕਟਾਂ ਗੁਆ ਦਿੱਤੀਆਂ। ਆਇਰਲੈਂਡ ਨੇ ਭਾਰਤ ਨੂੰ 140 ਦੌੜਾਂ ਦਾ ਟੀਚਾ ਦਿੱਤਾ ਹੈ।
ਮੈਚ ਦੀ ਦੂਜੀ ਪਾਰੀ ‘ਚ ਮੀਂਹ ਸ਼ੁਰੂ ਹੋ ਗਿਆ, ਜਿਸ ਨੇ ਗੇਮ ਚੇਂਜਰ ਦੀ ਭੂਮਿਕਾ ਨਿਭਾਈ। ਜਦੋਂ ਮੀਂਹ ਆਇਆ ਤਾਂ ਭਾਰਤ ਨੂੰ 79 ਗੇਂਦਾਂ ਵਿੱਚ 93 ਦੌੜਾਂ ਦੀ ਲੋੜ ਸੀ ਅਤੇ ਮੀਂਹ ਤੋਂ ਠੀਕ ਪਹਿਲਾਂ ਭਾਰਤ ਨੇ ਲਗਾਤਾਰ ਦੋ ਵਿਕਟਾਂ ਗੁਆ ਦਿੱਤੀਆਂ ਸਨ। ਇੱਥੋਂ ਮੈਚ ਕਿਸੇ ਵੀ ਟੀਮ ਦੇ ਹੱਕ ਵਿੱਚ ਜਾ ਸਕਦਾ ਸੀ।