ਨਵੀਂ ਦਿੱਲੀ, 9 ਨਵੰਬਰ 2024 – ਭਾਰਤ ਨੇ ਪਹਿਲੇ ਟੀ-20 ਵਿੱਚ ਦੱਖਣੀ ਅਫਰੀਕਾ ਨੂੰ 61 ਦੌੜਾਂ ਨਾਲ ਹਰਾ ਦਿੱਤਾ ਹੈ। ਡਰਬਨ ਦੇ ਕਿੰਗਸਮੀਡ ਸਟੇਡੀਅਮ ‘ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਸੰਜੂ ਸੈਮਸਨ ਦੇ ਸੈਂਕੜੇ ਦੇ ਦਮ ‘ਤੇ ਭਾਰਤ ਨੇ 202 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੀ ਟੀਮ 17.5 ਓਵਰਾਂ ਵਿੱਚ 141 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਭਾਰਤ ਵੱਲੋਂ ਰਵੀ ਬਿਸ਼ਨੋਈ ਅਤੇ ਵਰੁਣ ਚੱਕਰਵਰਤੀ ਨੇ 3-3 ਵਿਕਟਾਂ ਲਈਆਂ। ਦੱਖਣੀ ਅਫਰੀਕਾ ਵੱਲੋਂ ਗੇਰਾਲਡ ਕੋਏਟਜ਼ੀ ਨੇ 3 ਵਿਕਟਾਂ ਲਈਆਂ, ਉਸ ਨੇ ਬੱਲੇ ਨਾਲ 23 ਦੌੜਾਂ ਵੀ ਬਣਾਈਆਂ। ਪਹਿਲਾ ਟੀ-20 ਜਿੱਤ ਕੇ ਭਾਰਤ ਨੇ 4 ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਮੈਚ 10 ਨਵੰਬਰ ਨੂੰ ਕੇਬੇਰਾ ਵਿੱਚ ਖੇਡਿਆ ਜਾਵੇਗਾ।
ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਪਾਵਰਪਲੇ ਰਾਹੀਂ ਦੱਖਣੀ ਅਫਰੀਕਾ ‘ਤੇ ਦਬਾਅ ਬਣਾਇਆ। ਉਸ ਨੇ ਅਫਰੀਕੀ ਗੇਂਦਬਾਜ਼ਾਂ ਦੀਆਂ ਕਮਜ਼ੋਰ ਗੇਂਦਾਂ ‘ਤੇ ਵੱਡੇ ਸ਼ਾਟ ਲਗਾਏ ਅਤੇ ਭਾਰਤ ਦੀ ਸਕੋਰਿੰਗ ਰੇਟ ਨੂੰ ਉੱਚਾ ਰੱਖਿਆ। ਉਸ ਨੇ 7 ਚੌਕਿਆਂ ਅਤੇ 10 ਛੱਕਿਆਂ ਦੀ ਮਦਦ ਨਾਲ 107 ਦੌੜਾਂ ਦੀ ਪਾਰੀ ਖੇਡੀ। ਮੁਸ਼ਕਲ ਪਿੱਚ ‘ਤੇ ਖੇਡੀ ਗਈ ਇਸ ਪਾਰੀ ਲਈ ਸੈਮਸਨ ਨੂੰ ‘ਪਲੇਅਰ ਆਫ ਦ ਮੈਚ’ ਦਾ ਪੁਰਸਕਾਰ ਮਿਲਿਆ।