ਬ੍ਰਿਸਬੇਨ, 19 ਜਨਵਰੀ 2021 – ਭਾਰਤੀ ਟੀਮ ਨੇ ਬ੍ਰਿਸਬੇਨ ‘ਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ‘ਚ ਆਸਟ੍ਰੇਲੀਆ ਨੂ ਹਰਾ ਕੇ 4 ਮੈਚਾਂ ਦੀ ਟੈਸਟ ਲੜੀ 2-1 ਨਾਲ ਜਿੱਤ ਲਈ ਹੈ। ਭਾਰਤ ਨੇ ਅਖੀਰਲੇ ਅਤਟ ਚੌਥੇ ਟੈਸਟ ਮੈਚ ‘ਚ ਆਸਟ੍ਰੇਲੀਆ ਨੂੰ 3 ਵਿਕਟਾਂ ਨਾਲ ਹਰਾਇਆ। ਗਾਬਾ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਅੱਜ ਪੰਜਵੇਂ ਅਤੇ ਆਖ਼ਰੀ ਦਿਨ ਆਸਟ੍ਰੇਲੀਆ ਵਲੋਂ ਦਿੱਤੇ ਗਏ 328 ਦੌੜਾਂ ਦੇ ਟੀਚੇ ਨੂੰ ਭਾਰਤ ਨੇ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਭਾਰਤ ਦੀ ਇਸ ਇਤਿਹਾਸਕ ਜਿੱਤ ‘ਚ ਸ਼ੁਭਮਨ ਗਿੱਲ ਨੇ ਜਿੱਥੇ 91 ਦੌੜਾਂ ਬਣਾਈਆਂ, ਉੱਥੇ ਹੀ ਪੰਤ ਨੇ ਤੇਜ਼ੀ ਨਾਲ 89 ਦੌੜਾਂ ਬਣਾ ਕੇ ਭਾਰਤ ਨੂੰ ਗਾਬਾ ਮੈਦਾਨ ‘ਚ ਪਹਿਲੀ ਜਿੱਤ ਦਿਵਾਈ। ਦੱਸਣਯੋਗ ਹੈ ਕਿ ਭਾਰਤ ਨੇ 328 ਦੌੜਾਂ ਦੇ ਟੀਚੇ ਨੂੰ ਹਾਸਿਲ ਕਰਕੇ ਗਾਬਾ ‘ਚ ਸਭ ਤੋਂ ਵਧੇਰੇ ਦੌੜਾਂ ਦਾ ਸਫਲਤਾਪੂਰਵਕ ਪਿੱਛਾ ਕਰਨ ਦਾ ਰਿਕਾਰਡ ਬਣਾਇਆ ਹੈ। ਉੱਥੇ ਹੀ ਭਾਰਤ ਨੇ ਆਸਟ੍ਰੇਲੀਆ ਦੀ ਧਰਤੀ ‘ਤੇ ਲਗਾਤਾਰ ਦੂਜੀ ਵਾਰ ਟੈਸਟ ਲੜੀ ਜਿੱਤਣ ਦਾ ਕਮਾਲ ਵੀ ਕੀਤਾ ਹੈ। ਇਸ ਤੋਂ ਪਹਿਲਾਂ 2018-19 ‘ਚ ਵੀ ਆਸਟ੍ਰੇਲੀਆ ਨੂੰ ਭਾਰਤ ਨੇ ਆਸਟ੍ਰੇਲੀਆ ਦੀ ਧਰਤੀ ‘ਤੇ ਹੀ ਟੈਸਟ ਲੜੀ ‘ਚ ਹਰਾਇਆ ਸੀ।