ਨਵੀਂ ਦਿੱਲੀ, 18 ਦਸੰਬਰ 2022 – ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ ਮੈਚ ਭਾਰਤ ਦੇ ਨਾਂਅ ਰਿਹਾ। 513 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੀ ਟੀਮ ਪੰਜਵੇਂ ਦਿਨ 324 ਦੌੜਾਂ ‘ਤੇ ਆਲ ਆਊਟ ਹੋ ਗਈ। ਜਿਸ ਤਹਿਤ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 188 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਮੈਚ ‘ਚ ਅਕਸ਼ਰ ਪਟੇਲ ਨੇ 5 ਵਿਕਟਾਂ ਲਈਆਂ, ਜਦਕਿ ਕੁਲਦੀਪ ਯਾਦਵ ਨੇ 8 ਵਿਕਟਾਂ, ਤੇਜ਼ ਗੇਂਦਬਾਜ਼ ਸਿਰਾਜ ਨੇ ਵੀ 4 ਵਿਕਟਾਂ ਲਈਆਂ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ ਅਤੇ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਵੱਲ ਇਕ ਹੋਰ ਕਦਮ ਪੁੱਟ ਲਿਆ ਹੈ।
ਭਾਰਤ ਨੂੰ 5ਵੇਂ ਦਿਨ ਦੀ ਖੇਡ ਵਿੱਚ 4 ਵਿਕਟਾਂ ਦੀ ਲੋੜ ਸੀ ਜਦਕਿ ਬੰਗਲਾਦੇਸ਼ ਨੂੰ 241 ਦੌੜਾਂ ਦੀ ਲੋੜ ਸੀ। ਸ਼ਾਕਿਬ ਅਲ ਹਸਨ ਨੇ 84 ਦੌੜਾਂ ਦੀ ਸੰਘਰਸ਼ਮਈ ਪਾਰੀ ਖੇਡੀ। ਉਹ ਕੁਲਦੀਪ ਯਾਦਵ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ ਕੋਈ ਵੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਿਆ ਅਤੇ ਭਾਰਤ ਨੇ ਇਹ ਮੈਚ 188 ਦੌੜਾਂ ਨਾਲ ਜਿੱਤ ਲਿਆ।
ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ (17) ਅਤੇ ਨਜ਼ਮੁਲ ਹੁਸੈਨ ਸ਼ਾਂਤੋ (25) ਨੇ ਚੌਥੇ ਦਿਨ ਦੀ ਖੇਡ ਸ਼ੁਰੂ ਹੋਣ ‘ਤੇ ਹੀ ਦੌੜਾਂ ਦੀ ਅੱਗੇ ਸ਼ੁਰੂਆਤ ਕੀਤੀ। ਇਸ ਸਕੋਰ ਤੋਂ ਅੱਗੇ ਖੇਡਦੇ ਹੋਏ ਦੋਵੇਂ ਬੱਲੇਬਾਜ਼ਾਂ ਨੇ ਚੌਥੇ ਦਿਨ ਮਜ਼ਬੂਤ ਸ਼ੁਰੂਆਤ ਦਿੱਤੀ। ਸ਼ਾਂਤੋ ਅਤੇ ਹਸਨ ਨੇ ਅਰਧ ਸੈਂਕੜੇ ਪੂਰੇ ਕੀਤੇ। ਸ਼ਾਂਤੋ ਬਦਕਿਸਮਤ ਰਿਹਾ ਅਤੇ 67 ਦੇ ਨਿੱਜੀ ਸਕੋਰ ‘ਤੇ ਉਮੇਸ਼ ਯਾਦਵ ਦਾ ਸ਼ਿਕਾਰ ਹੋ ਗਿਆ। ਚੌਥੇ ਦਿਨ ਦੇ ਤੀਜੇ ਅੱਧ ਤੱਕ ਬੰਗਲਾਦੇਸ਼ ਨੇ 99 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 271 ਦੌੜਾਂ ਬਣਾ ਲਈਆਂ ਹਨ। ਉਸ ਨੂੰ ਜਿੱਤ ਲਈ 242 ਦੌੜਾਂ ਦੀ ਲੋੜ ਹੈ। ਭਾਰਤ ਨੂੰ ਜਿੱਤ ਲਈ ਸਿਰਫ਼ ਚਾਰ ਵਿਕਟਾਂ ਦੀ ਲੋੜ ਸੀ।
513 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ। ਸ਼ਾਂਤੋ ਅਤੇ ਹਸਨ ਨੇ ਲੰਚ ਬ੍ਰੇਕ ਤੱਕ ਚੰਗਾ ਖੇਡਿਆ ਅਤੇ ਆਪੋ-ਆਪਣੇ ਅਰਧ ਸੈਂਕੜੇ ਪੂਰੇ ਕੀਤੇ। ਲੰਚ ਬ੍ਰੇਕ ਤੋਂ ਬਾਅਦ ਭਾਰਤ ਨੂੰ ਪਹਿਲੀ ਸਫਲਤਾ ਮਿਲੀ। ਉਮੇਸ਼ ਯਾਦਵ ਨੇ ਸ਼ਾਂਤੋ ਨੂੰ ਆਊਟ ਕੀਤਾ। ਅਕਸ਼ਰ ਪਟੇਲ ਨੇ ਬੰਗਲਾਦੇਸ਼ ਦੇ ਯਾਸਿਰ ਅਲੀ ਨੂੰ ਆਊਟ ਕਰਕੇ ਇੱਕ ਹੋਰ ਝਟਕਾ ਦਿੱਤਾ। ਬੰਗਲਾਦੇਸ਼ ਲਈ ਆਪਣਾ ਪਹਿਲਾ ਟੈਸਟ ਖੇਡ ਰਹੇ ਜ਼ਾਕਿਰ ਨੇ ਸੈਂਕੜਾ ਲਗਾਇਆ। ਅਸ਼ਵਿਨ ਨੇ ਜ਼ਾਕਿਰ ਨੂੰ ਸੈਂਕੜਾ ਬਣਾਉਣ ਤੋਂ ਬਾਅਦ ਆਊਟ ਕੀਤਾ। ਭਾਰਤ ਵੱਲੋਂ ਅਕਸ਼ਰ ਪਟੇਲ ਨੇ ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਹੀ ਅਸ਼ਵਿਨ, ਉਮੇਸ਼ ਅਤੇ ਕੁਲਦੀਪ ਨੂੰ ਇਕ-ਇਕ ਵਿਕਟ ਮਿਲੀ।
ਬੰਗਲਾਦੇਸ਼ ਨੂੰ 150 ਦੌੜਾਂ ‘ਤੇ ਆਊਟ ਕਰਨ ਤੋਂ ਬਾਅਦ ਭਾਰਤ ਨੇ ਪਹਿਲੀ ਪਾਰੀ ‘ਚ 254 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਦੂਜੀ ਪਾਰੀ ਵਿੱਚ ਕੇਐਲ ਰਾਹੁਲ ਅਤੇ ਸ਼ੁਭਮਨ ਗਿੱਲ ਨੇ ਚੰਗੀ ਸ਼ੁਰੂਆਤ ਦਿੱਤੀ। ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਹੋਈ। ਰਾਹੁਲ 23 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਸ਼ੁਭਮਨ ਗਿੱਲ ਨੇ ਸੈਂਕੜਾ ਪੂਰਾ ਕੀਤਾ। ਸ਼ੁਭਮਨ ਗਿੱਲ ਨੇ ਆਊਟ ਹੋਣ ਤੋਂ ਪਹਿਲਾਂ 152 ਗੇਂਦਾਂ ‘ਤੇ 110 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਚੇਤੇਸ਼ਵਰ ਪੁਜਾਰਾ ਨੇ 52 ਪਾਰੀਆਂ ਤੋਂ ਬਾਅਦ ਟੈਸਟ ਕ੍ਰਿਕਟ ‘ਚ ਸੈਂਕੜਾ ਪੂਰਾ ਕੀਤਾ। ਭਾਰਤ ਨੇ 258 ਦੇ ਸਕੋਰ ‘ਤੇ ਦੂਜੀ ਪਾਰੀ ਘੋਸ਼ਿਤ ਕਰ ਦਿੱਤੀ। ਭਾਰਤ ਨੇ ਕੁੱਲ 512 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਮੇਹਦੀ ਹਸਨ ਅਤੇ ਖਾਲਿਦ ਅਹਿਮਦ ਨੂੰ ਇਕ-ਇਕ ਵਿਕਟ ਮਿਲੀ।