- ਅਫਰੀਕਾ ‘ਤੇ ਭਾਰਤ ਨੇ ਸਭ ਤੋਂ ਵੱਡੀ ਜਿੱਤ ਕੀਤੀ ਦਰਜ
- ਸੂਰਿਆ ਨੇ ਲਾਇਆ ਸੈਂਕੜਾ, ਕੁਲਦੀਪ ਨੇ 5 ਵਿਕਟਾਂ ਲਈਆਂ
ਨਵੀਂ ਦਿੱਲੀ, 15 ਦਸੰਬਰ 2023 – ਭਾਰਤ ਨੇ ਟੀ-20 ਸੀਰੀਜ਼ ਦੇ ਤੀਜੇ ਮੈਚ ‘ਚ ਦੱਖਣੀ ਅਫਰੀਕਾ ਨੂੰ 106 ਦੌੜਾਂ ਨਾਲ ਹਰਾ ਦਿੱਤਾ ਹੈ। ਟੀ-20 ‘ਚ ਦੱਖਣੀ ਅਫਰੀਕਾ ‘ਤੇ ਟੀਮ ਇੰਡੀਆ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਪਿਛਲੀ ਸਭ ਤੋਂ ਵੱਡੀ ਜਿੱਤ 88 ਦੌੜਾਂ ਦੀ ਸੀ, ਜੋ ਟੀਮ ਇੰਡੀਆ ਨੇ ਰਾਜਕੋਟ ਵਿੱਚ ਹਾਸਲ ਕੀਤੀ ਸੀ।
ਫੈਸਲਾਕੁੰਨ ਮੈਚ ਜਿੱਤ ਕੇ ਟੀਮ ਇੰਡੀਆ 3 ਮੈਚਾਂ ਦੀ ਸੀਰੀਜ਼ 1-1 ਨਾਲ ਡਰਾਅ ਕਰਨ ‘ਚ ਸਫਲ ਰਹੀ। ਟੀਮ ਦੂਜਾ ਮੈਚ 5 ਵਿਕਟਾਂ ਨਾਲ ਹਾਰ ਕੇ 0-1 ਨਾਲ ਪਿੱਛੇ ਸੀ ਕਿਉਂਕਿ ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਜੋਹਾਨਸਬਰਗ ਦੇ ਵਾਂਡਰਰਜ਼ ਸਟੇਡੀਅਮ ‘ਚ 202 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਮੇਜ਼ਬਾਨ ਟੀਮ 13.5 ਓਵਰਾਂ ‘ਚ 95 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਸੂਰਿਆ ਦੇ ਸੈਂਕੜੇ ਦੀ ਮਦਦ ਨਾਲ 20 ਓਵਰਾਂ ‘ਚ 7 ਵਿਕਟਾਂ ‘ਤੇ 201 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਪਲੇਅਰ ਆਫ ਦਿ ਮੈਚ ਰਹੇ। ਉਸ ਨੇ 56 ਗੇਂਦਾਂ ‘ਤੇ 100 ਦੌੜਾਂ ਦੀ ਪਾਰੀ ਖੇਡੀ। ਜਦਕਿ ਕੁਲਦੀਪ ਯਾਦਵ ਨੇ 5 ਵਿਕਟਾਂ ਲਈਆਂ।

ਹੁਣ ਦੋਵਾਂ ਟੀਮਾਂ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਹੋਵੇਗੀ। ਪਹਿਲਾ ਮੈਚ 17 ਦਸੰਬਰ ਨੂੰ ਜੋਹਾਨਸਬਰਗ ਵਿੱਚ ਖੇਡਿਆ ਜਾਵੇਗਾ।
