- ਭਾਰਤ ਨੇ ਹੁਣ ਤੱਕ 15 ਸੋਨ ਤਗਮੇ ਜਿੱਤੇ,
- ਹੁਣ ਤੱਕ ਭਾਰਤ ਦੇ ਖਾਤੇ ‘ਚ ਕੁੱਲ 70 ਤਗਮੇ,
- ਮੈਡਲ ਸੂਚੀ ਵਿੱਚ ਭਾਰਤ ਚੌਥੇ ਸਥਾਨ ‘ਤੇ
ਨਵੀਂ ਦਿੱਲੀ, 4 ਅਕਤੂਬਰ 2023 – 19ਵੀਆਂ ਏਸ਼ੀਆਈ ਖੇਡਾਂ ਦਾ ਅੱਜ 11ਵਾਂ ਦਿਨ ਹੈ। ਭਾਰਤੀ ਮਿਕਸਡ ਟੀਮ ਨੇ 35 ਕਿਲੋਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। 11ਵੇਂ ਦਿਨ ਭਾਰਤ ਦਾ ਇਹ ਪਹਿਲਾ ਤਮਗਾ ਹੈ।
ਭਾਰਤ ਆਪਣੇ ਆਲ ਟਾਈਮ ਸਰਵੋਤਮ ਰਿਕਾਰਡ ਦੇ ਬਰਾਬਰ ਪਹੁੰਚ ਗਿਆ ਹੈ। ਭਾਰਤ ਨੇ ਹੁਣ ਤੱਕ 15 ਸੋਨ ਤਗਮੇ ਸਮੇਤ 70 ਤਗਮੇ ਜਿੱਤੇ ਹਨ।
ਬੁੱਧਵਾਰ ਯਾਨੀ ਅੱਜ ਚੀਨ ਦੇ ਹਾਂਗਜ਼ੂ ਵਿੱਚ 115 ਭਾਰਤੀ ਖਿਡਾਰੀ 14 ਖੇਡਾਂ ਵਿੱਚ ਆਪਣੀ ਤਾਕਤ ਦਿਖਾਉਣਗੇ, ਜਿਸ ਵਿੱਚ ਤੀਰਅੰਦਾਜ਼ੀ, ਅਥਲੈਟਿਕਸ, ਮੁੱਕੇਬਾਜ਼ੀ, ਹਾਕੀ ਅਤੇ ਕੁਸ਼ਤੀ ਸ਼ਾਮਲ ਹਨ। ਅੱਜ ਤੋਂ ਕੁਸ਼ਤੀ ਮੁਕਾਬਲਿਆਂ ਦੀ ਸ਼ੁਰੂਆਤ ਹੋ ਰਹੀ ਹੈ, ਇਸ ਲਈ ਭਾਰਤ ਅੱਜ ਤਿੰਨ ਸੋਨ ਸਮੇਤ ਇੱਕ ਦਰਜਨ ਤਗਮੇ ਹਾਸਲ ਕਰ ਸਕਦਾ ਹੈ।
11ਵੇਂ ਦਿਨ ਭਾਰਤ ਨੂੰ ਤੀਰਅੰਦਾਜ਼ੀ ‘ਚੋਂ 2, ਐਥਲੈਟਿਕਸ ‘ਚੋਂ ਅੱਧੀ ਦਰਜਨ ਤੋਂ ਵੱਧ, ਮੁੱਕੇਬਾਜ਼ੀ ‘ਚੋਂ 2 ਅਤੇ ਕੁਸ਼ਤੀ ‘ਚੋਂ 2 ਤਗਮੇ ਮਿਲ ਸਕਦੇ ਹਨ।
ਹਾਂਗਜ਼ੂ ਵਿਖੇ ਚੱਲ ਰਹੀਆਂ ਏਸ਼ੀਅਨ ਗੇਮਜ਼ ਵਿੱਚ ਕੱਲ੍ਹ 3 ਅਕਤੂਬਰ ਦੋ ਹੋਰ ਅਥਲੀਟਾਂ ਨੇ ਸੋਨ ਤਮਗ਼ੇ ਜਿੱਤ ਕੇ ਭਾਰਤ ਦੇ ਸੋਨ ਤਮਗਿਆਂ ਦੀ ਗਿਣਤੀ 15 ਕਰ ਦਿੱਤੀ। ਮਹਿਲਾਵਾਂ ਦੇ ਮੁਕਾਬਲਿਆਂ ਵਿੱਚ ਪਾਰੁਲ ਚੌਧਰੀ ਨੇ 15.14.75 ਦੇ ਸਮੇਂ ਨਾਲ 5000 ਮੀਟਰ ਅਤੇ ਅਨੂ ਰਾਣੀ ਨੇ 62.92 ਮੀਟਰ ਥਰੋਅ ਨਾਲ ਜੈਵਲਿਨ ਥਰੋਅ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ।
ਪਾਰੁਲ ਚੌਧਰੀ ਨੇ ਕੱਲ੍ਹ 3000 ਮੀਟਰ ਸਟੀਪਲਚੇਜ ਦੌੜ ਵਿੱਚ ਵੀ ਚਾਂਦੀ ਦਾ ਤਮਗ਼ਾ ਜਿੱਤਿਆ ਸੀ।ਅਨੂ ਰਾਣੀ ਪਹਿਲੀ ਭਾਰਤੀ ਮਹਿਲਾ ਅਥਲੀਟ ਬਣ ਗਈ ਜਿਸ ਨੇ ਏਸ਼ੀਅਨ ਗੇਮਜ਼ ਵਿੱਚ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤਿਆ।
ਮਹਿਲਾਵਾਂ ਦੇ ਮੁਕਾਬਲਿਆਂ ਵਿੱਚ ਭਾਰਤ ਦੇ ਮੁਹੰਮਦ ਅਫਸਲ ਨੇ 800 ਮੀਟਰ ਦੌੜ ਅਤੇ ਤੇਜਸਵਿਨ ਸ਼ੰਕਰ ਨੇ ਡਿਕੈਥਲਨ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਇਸ ਤੋਂ ਪ੍ਰਵੀਨ ਚਿਥਰਾਵੇਲ ਨੇ ਤੀਹਰੀ ਛਾਲ ਅਤੇ ਵਿਥਿਆ ਰਾਮਰਾਜ ਨੇ 400 ਮੀਟਰ ਹਰਡਲਜ਼ ਦੌੜ ਵਿੱਚ ਕਾਂਸੀ ਦੇ ਤਮਗ਼ੇ ਜਿੱਤੇ। ਅਥਲੈਟਿਕਸ ਵਿੱਚ ਅੱਜ ਕੁੱਲ 6 ਤਮਗ਼ੇ ਜਿੱਤੇ ਜਿਨ੍ਹਾਂ ਵਿੱਚ ਦੋ-ਦੋ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗ਼ੇ ਸ਼ਾਮਲ ਹਨ।
ਇਸ ਤੋਂ ਇਲਾਵਾ ਅੱਜ ਮੁੱਕੇਬਾਜ਼ੀ ਵਿੱਚ ਪ੍ਰੀਤੀ ਪਵਾਰ ਤੇ ਨਰਿੰਦਰ ਬਰਵਾਲ, ਕੈਨੋਇੰਗ ਵਿੱਚ ਅਰਜੁਨ ਸਿੰਘ ਤੇ ਸੁਨੀਲ ਸਿੰਘ ਦੀ ਜੋੜੀ ਨੇ ਕਾਂਸੀ ਦੇ ਤਮਗ਼ੇ ਜਿੱਤੇ।
ਭਾਰਤ ਨੇ ਬੀਤੇ ਦਿਨ ਸਾਰੀਆਂ ਖੇਡਾਂ ਮਿਲਾ ਕੇ 2 ਸੋਨੇ, 2 ਚਾਂਦੀ ਅਤੇ 4 ਕਾਂਸੀ ਦੇ ਤਮਗ਼ੇ ਜਿੱਤੇ ਅਤੇ ਹੁਣ ਤੱਕ ਕੁੱਲ 15 ਸੋਨੇ, 26 ਚਾਂਦੀ ਅਤੇ 28 ਕਾਂਸੀ ਦੇ ਤਮਗ਼ੇ ਨਾਲ ਕੁੱਲ 69 ਤਮਗੇ ਜਿੱਤ ਕੇ ਮੈਡਲ ਸੂਚੀ ਵਿੱਚ ਚੌਥਾ ਸਥਾਨ ਬਰਕਰਾਰ ਰੱਖਿਆ ਹੋਇਆ ਹੈ।