- ਹੁਣ ਤੱਕ ਟੂਰਨਾਮੈਂਟ ‘ਚ ਨਹੀਂ ਹਾਰੀਆਂ ਦੋਵੇਂ ਟੀਮਾਂ
- ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਧਰਮਸ਼ਾਲਾ ‘ਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਮੈਚ
- ਭਾਰਤ 20 ਸਾਲਾਂ ਤੋਂ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੂੰ ਹਰਾਉਣ ਵਿੱਚ ਨਹੀਂ ਹੋਇਆ ਕਾਮਯਾਬ
- ਹਾਰਦਿਕ ਨਹੀਂ ਖੇਡੇਗਾ
ਧਰਮਸ਼ਾਲਾ, 22 ਅਕਤੂਬਰ 2023 – ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਯਾਨੀ ਐਤਵਾਰ 22 ਅਕਤੂਬਰ ਨੂੰ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਇਹ ਮੈਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਧਰਮਸ਼ਾਲਾ ਵਿੱਚ ਦੁਪਹਿਰ 2 ਵਜੇ ਖੇਡਿਆ ਜਾਵੇਗਾ। ਟਾਸ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ।
2019 ‘ਚ ਟੀਮ ਇੰਡੀਆ ਨੂੰ ਵਿਸ਼ਵ ਕੱਪ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਸੈਮੀਫਾਈਨਲ ‘ਚ ਨਿਊਜ਼ੀਲੈਂਡ ਖਿਲਾਫ 18 ਦੌੜਾਂ ਦੀ ਮਿਲੀ ਹਾਰ ਕਾਰਨ ਟੀਮ ਬਾਹਰ ਹੋ ਗਈ।
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 116 ਵਨਡੇ ਖੇਡੇ ਗਏ ਹਨ। ਭਾਰਤ ਨੇ 58 ਮੈਚ ਜਿੱਤੇ ਅਤੇ ਨਿਊਜ਼ੀਲੈਂਡ ਨੇ 50 ਮੈਚ ਜਿੱਤੇ। 7 ਮੈਚ ਬੇਨਤੀਜਾ ਰਹੇ। ਇੱਕ ਮੈਚ ਟਾਈ ਵੀ ਹੋਇਆ ਹੈ।
ਵਨਡੇ ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਦਾ ਪਲੜਾ ਭਾਰੀ ਹੈ। ਟੂਰਨਾਮੈਂਟ ‘ਚ ਦੋਵਾਂ ਵਿਚਾਲੇ 9 ਮੈਚ ਹੋਏ। ਨਿਊਜ਼ੀਲੈਂਡ ਨੇ 5 ਵਿਚ ਜਿੱਤ ਦਰਜ ਕੀਤੀ ਹੈ, ਜਦਕਿ ਭਾਰਤ ਨੇ 3 ਵਿਚ ਜਿੱਤ ਦਰਜ ਕੀਤੀ। 2019 ਵਿੱਚ ਇੱਕ ਮੈਚ ਮੀਂਹ ਕਾਰਨ ਬੇਨਤੀਜਾ ਰਿਹਾ। 2019 ਵਿੱਚ ਵੀ ਆਖਰੀ ਮੈਚ ਨਿਊਜ਼ੀਲੈਂਡ ਨੇ ਹੀ ਜਿੱਤਿਆ ਸੀ।
ਭਾਰਤ ਨੇ ਆਖਰੀ ਵਾਰ 2003 ‘ਚ ਵਨਡੇ ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਖਿਲਾਫ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ 2019 ਦੇ ਵਿਸ਼ਵ ਕੱਪ ‘ਚ ਦੋਵੇਂ ਟੀਮਾਂ ਸਿੱਧੇ ਤੌਰ ‘ਤੇ ਆਹਮੋ-ਸਾਹਮਣੇ ਹੋਈਆਂ, ਜਿੱਥੇ ਮੀਂਹ ਕਾਰਨ ਇਕ ਮੈਚ ਬੇਨਤੀਜਾ ਰਿਹਾ ਅਤੇ ਟੀਮ ਇੰਡੀਆ ਸੈਮੀਫਾਈਨਲ ‘ਚ ਹਾਰ ਗਈ ਸੀ। ਯਾਨੀ ਟੀਮ ਇੰਡੀਆ 20 ਸਾਲਾਂ ਤੋਂ ਇਸ ਟੂਰਨਾਮੈਂਟ ‘ਚ ਨਿਊਜ਼ੀਲੈਂਡ ਖਿਲਾਫ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ।
ਭਾਰਤ: ਪਿਛਲੇ 5 ਵਨਡੇ ਵਿੱਚੋਂ 4 ਜਿੱਤੇ। ਸਿਰਫ਼ ਇੱਕ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਨਿਊਜ਼ੀਲੈਂਡ: ਪਿਛਲੇ ਸਾਰੇ 5 ਮੈਚ ਜਿੱਤੇ। ਇੱਥੋਂ ਤੱਕ ਕਿ ਟੀਮ ਨੇ ਪਿਛਲੇ ਛੇ ਮੈਚਾਂ ਵਿੱਚ ਲਗਾਤਾਰ ਜਿੱਤ ਦਰਜ ਕੀਤੀ ਹੈ।
ਇਸ ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਦਾ ਇਹ ਪੰਜਵਾਂ ਮੈਚ ਹੋਵੇਗਾ। ਭਾਰਤ ਅਤੇ ਨਿਊਜ਼ੀਲੈਂਡ ਨੇ ਪਹਿਲੇ ਚਾਰ ਮੈਚ ਜਿੱਤੇ ਹਨ ਅਤੇ ਦੋਵੇਂ ਹੀ ਅੰਕ ਸੂਚੀ ਵਿਚ ਸਿਖਰਲੇ 2 ਸਥਾਨਾਂ ‘ਤੇ ਬਣੇ ਹੋਏ ਹਨ। ਦੋਵਾਂ ਟੀਮਾਂ ਦੇ 8-8 ਅੰਕ ਹਨ ਪਰ ਨਿਊਜ਼ੀਲੈਂਡ ਬਿਹਤਰ ਰਨ ਰੇਟ ਕਾਰਨ ਪਹਿਲੇ ਸਥਾਨ ‘ਤੇ ਹੈ।