ਕਾਨਪੁਰ, 1 ਅਕਤੂਬਰ 2024 – ਭਾਰਤ ਨੇ ਕਾਨਪੁਰ ਟੈਸਟ ‘ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ 2-0 ਨਾਲ ਕਲੀਨ ਸਵੀਪ ਕਰ ਲਿਆ ਹੈ।
ਮੀਂਹ ਨਾਲ ਪ੍ਰਭਾਵਿਤ ਮੈਚ ਦੇ ਆਖਰੀ ਦਿਨ ਮੰਗਲਵਾਰ ਨੂੰ ਭਾਰਤ ਦੇ ਸਾਹਮਣੇ 95 ਦੌੜਾਂ ਦਾ ਟੀਚਾ ਸੀ, ਜਿਸ ਨੂੰ ਭਾਰਤੀ ਬੱਲੇਬਾਜ਼ਾਂ ਨੇ 17.2 ਓਵਰਾਂ ‘ਚ ਹਾਸਲ ਕਰ ਲਿਆ। ਯਸ਼ਸਵੀ ਜੈਸਵਾਲ ਨੇ 51 ਦੌੜਾਂ ਬਣਾਈਆਂ। ਕੋਹਲੀ 29 ਦੌੜਾਂ ਬਣਾ ਕੇ ਅਜੇਤੂ ਰਹੇ। ਵਿਕਟਕੀਪਰ ਰਿਸ਼ਭ ਪੰਤ ਨੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।
ਲੰਚ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ ‘ਚ ਬੰਗਲਾਦੇਸ਼ ਨੂੰ 146 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਬੰਗਲਾਦੇਸ਼ ਦੀ ਟੀਮ ਨੇ ਦਿਨ ਦੀ ਸ਼ੁਰੂਆਤ 26/2 ਦੇ ਸਕੋਰ ਤੋਂ ਕੀਤੀ ਸੀ। ਸੋਮਵਾਰ ਨੂੰ ਭਾਰਤ ਨੇ 34.4 ਓਵਰਾਂ ‘ਚ 9 ਵਿਕਟਾਂ ‘ਤੇ 285 ਦੌੜਾਂ ਦੇ ਸਕੋਰ ‘ਤੇ ਪਹਿਲੀ ਪਾਰੀ ਐਲਾਨ ਦਿੱਤੀ ਸੀ। ਟੀਮ ਇੰਡੀਆ ਨੇ ਪਹਿਲੀ ਪਾਰੀ ‘ਚ ਬੰਗਲਾਦੇਸ਼ ਨੂੰ 233 ਦੌੜਾਂ ‘ਤੇ ਢੇਰ ਕਰ ਦਿੱਤਾ ਸੀ। ਮੀਂਹ ਕਾਰਨ ਤੀਜੇ ਅਤੇ ਦੂਜੇ ਦਿਨ ਦੀ ਖੇਡ ਰੱਦ ਕਰਨੀ ਪਈ ਜਦਕਿ ਪਹਿਲੇ ਦਿਨ ਸਿਰਫ਼ 35 ਓਵਰ ਹੀ ਸੁੱਟੇ ਜਾ ਸਕੇ। ਅਜਿਹੇ ‘ਚ ਮੈਚ ਲਗਭਗ ਡਰਾਅ ਮੰਨਿਆ ਜਾ ਰਿਹਾ ਸੀ ਪਰ ਭਾਰਤੀ ਟੀਮ ਨੇ ਪਿਛਲੇ 2 ਦਿਨਾਂ ‘ਚ ਪੂਰੀ ਤਸਵੀਰ ਹੀ ਪਲਟ ਦਿੱਤੀ।