ਅੰਮ੍ਰਿਤਸਰ, 11 ਅਗਸਤ 2024 – ਪੈਰਿਸ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੀ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਭਾਰਤੀ ਖਿਡਾਰੀਆਂ ਦਾ ਢੋਲ-ਢਮਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਖਿਡਾਰੀਆਂ ਦਾ ਇੰਤਜ਼ਾਰ ਕਰਨ ਲਈ ਸਵੇਰ ਤੋਂ ਹੀ ਪ੍ਰਸ਼ੰਸਕ ਹਵਾਈ ਅੱਡੇ ਦੇ ਬਾਹਰ ਇਕੱਠੇ ਹੋ ਗਏ ਸਨ। ਇਸ ਤੋਂ ਇਲਾਵਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈ.ਟੀ.ਓ ਵੀ ਟੀਮ ਦਾ ਸਵਾਗਤ ਕਰਨ ਪਹੁੰਚੇ।
ਇਸ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀ ਹਨ। ਜਿਨ੍ਹਾਂ ਦੇ ਮਾਪੇ ਵੀ ਉਨ੍ਹਾਂ ਨੂੰ ਰਿਸੀਵ ਕਰਨ ਲਈ ਏਅਰਪੋਰਟ ਪਹੁੰਚੇ। ਇਹ ਪਲ ਭਾਵੁਕ ਸੀ। ਭਾਰਤੀ ਟੀਮ ਦੇ ਖਿਡਾਰੀ ਆਉਂਦਿਆਂ ਹੀ ਸਿੱਧੇ ਹਰਿਮੰਦਰ ਸਾਹਿਬ ਨਤਮਸਤਕ ਹੋਏ। ਜਿੱਥੇ ਉਨ੍ਹਾਂ ਗੁਰੂਘਰ ਵਿੱਚ ਮੱਥਾ ਟੇਕਿਆ ਅਤੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਕਾਂਗਰਸੀ MP ਗੁਰਜੀਤ ਔਜਲਾ ਅਤੇ MLA ਪਰਗਟ ਸਿੰਘ ਵੀ ਮੌਜੂਦ ਸਨ ਅਤੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸ਼੍ਰੋਮਣੀ ਕਮੇਟੀ ਵਲੋਂ ਵੀ ਸਨਮਾਨ ਕੀਤਾ ਗਿਆ।