- ਬੰਗਲਾਦੇਸ਼ ਨੇ 2012 ਤੋਂ ਬਾਅਦ ਏਸ਼ੀਆ ਕੱਪ ‘ਚ ਭਾਰਤ ਨੂੰ ਹਰਾਇਆ
ਨਵੀਂ ਦਿੱਲੀ, 16 ਸਤੰਬਰ 2023 – ਟੀਮ ਇੰਡੀਆ ਨੂੰ ਏਸ਼ੀਆ ਕੱਪ-2023 ਦੇ ਆਖਰੀ ਸੁਪਰ-4 ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਬੰਗਲਾਦੇਸ਼ ਜੋ ਕਿ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ, ਨੇ ਆਖਰੀ ਓਵਰ ਤੱਕ ਚੱਲੇ ਰੋਮਾਂਚਕ ਮੈਚ ਵਿੱਚ ਭਾਰਤ ਨੂੰ 6 ਦੌੜਾਂ ਨਾਲ ਹਰਾ ਦਿੱਤਾ ਗਿਆ। ਬੰਗਲਾਦੇਸ਼ ਦੀ ਟੀਮ ਨੇ 2012 ਤੋਂ ਬਾਅਦ ਇਸ ਟੂਰਨਾਮੈਂਟ ‘ਚ ਭਾਰਤ ‘ਤੇ ਜਿੱਤ ਦਰਜ ਕੀਤੀ ਹੈ।
ਟੂਰਨਾਮੈਂਟ ਦੇ ਮੌਜੂਦਾ ਸੀਜ਼ਨ ‘ਚ ਭਾਰਤ ਦੀ ਇਹ ਪਹਿਲੀ ਹਾਰ ਹੈ, ਹਾਲਾਂਕਿ ਇਸ ਮੈਚ ਦੀ ਜਿੱਤ ਜਾਂ ਹਾਰ ਨਾਲ ਟੂਰਨਾਮੈਂਟ ‘ਤੇ ਕੋਈ ਫਰਕ ਨਹੀਂ ਪਿਆ, ਕਿਉਂਕਿ ਭਾਰਤੀ ਟੀਮ ਪਹਿਲਾਂ ਹੀ ਫਾਈਨਲ ‘ਚ ਪ੍ਰਵੇਸ਼ ਕਰ ਚੁੱਕੀ ਹੈ। ਹੁਣ 17 ਸਤੰਬਰ ਨੂੰ ਟੀਮ ਦਾ ਸਾਹਮਣਾ ਸਾਬਕਾ ਚੈਂਪੀਅਨ ਸ਼੍ਰੀਲੰਕਾ ਨਾਲ ਹੋਵੇਗਾ।
ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੈਚ ਖੇਡਿਆ ਗਿਆ। ਭਾਰਤ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 50 ਓਵਰਾਂ ‘ਚ 265 ਦੌੜਾਂ ਬਣਾਈਆਂ। ਜਵਾਬ ‘ਚ ਭਾਰਤੀ ਟੀਮ 50 ਓਵਰਾਂ ‘ਚ 259 ਦੌੜਾਂ ‘ਤੇ ਆਲ ਆਊਟ ਹੋ ਗਈ।
ਭਾਰਤੀ ਟੀਮ ਨੂੰ ਆਖਰੀ 18 ਗੇਂਦਾਂ ‘ਤੇ 31 ਦੌੜਾਂ ਦੀ ਲੋੜ ਸੀ। ਅਕਸ਼ਰ ਪਟੇਲ ਅਤੇ ਸ਼ਾਰਦੁਲ ਠਾਕੁਰ ਖੇਡ ਰਹੇ ਸਨ। ਦੋਵਾਂ ਨੇ ਕੁਝ ਚੰਗੇ ਸ਼ਾਟ ਖੇਡੇ। ਇਕ ਸਮੇਂ ਟੀਮ ਨੂੰ 12 ਗੇਂਦਾਂ ‘ਤੇ 17 ਦੌੜਾਂ ਦੀ ਲੋੜ ਸੀ। ਅਜਿਹੇ ‘ਚ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਗੇਂਦ ਮੁਸ਼ਤਾਫਿਜ਼ੁਰ ਰਹਿਮਾਨ ਨੂੰ ਸੌਂਪੀ। ਰਹਿਮਾਨ ਨੇ 49ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਸ਼ਾਰਦੁਲ ਠਾਕੁਰ ਅਤੇ ਚੌਥੀ ਗੇਂਦ ‘ਤੇ ਅਕਸ਼ਰ ਪਟੇਲ ਦਾ ਵਿਕਟ ਲੈ ਕੇ ਮੈਚ ਦਾ ਰੁਖ ਬੰਗਲਾਦੇਸ਼ ਵੱਲ ਮੋੜ ਦਿੱਤਾ।